ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ - ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ
ਸਾਊਦੀ ਅਰਬ 'ਚ ਬੀਤੇ ਦਿਨੀਂ ਇੱਕ ਸੜਕ ਹਾਦਸੇ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦੇਵ ਸਿੰਘ,ਪਿੰਡ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਗੁਰਦੇਵ ਦੀ ਮੌਤ 7 ਜਨਵਰੀ ਨੂੰ ਇੱਕ ਸੜਕ ਹਾਦਸੇ ਦੌਰਾਨ ਹੋ ਗਈ ਸੀ। ਉਨ੍ਹਾਂ ਨੂੰ ਇਸ ਦੀ ਸੂਚਨਾ 8 ਜਨਵਰੀ ਨੂੰ ਮਿਲੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਗੁਰਦੇਵ 7 ਮਹੀਨੇ ਪਹਿਲਾਂ ਹੀ ਰੁਜ਼ਗਾਰ ਦੀ ਭਾਲ 'ਚ ਸਾਊਦੀ ਅਰਬ ਗਿਆ ਸੀ ਅਤੇ ਉੱਥੇ ਡਰਾਈਵਰੀ ਕਰਦਾ ਸੀ। ਰਵੈਦਾ ਸ਼ਹਿਰ ਦੇ ਨੇੜੇ ਉਸ ਦੇ ਵਾਹਨ ਨੂੰ ਕੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਉਸ ਦੀ ਮੌਤ ਹੋ ਗਈ। ਇਹ ਦੁੱਖਦ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ। ਗੁਰਦੇਵ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ ਕੋਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਪਰਿਵਾਰ ਵੱਲੋਂ ਉਸ ਦਾ ਅੰਤਮ-ਸੰਸਕਾਰ ਕੀਤਾ ਜਾ ਸਕੇ।