ਨਿੱਜੀ ਲੈਬ ਨੇ ਦਿੱਤੀ ਗਰਭਵਤੀ ਮਹਿਲਾ ਦੀ ਗਲਤ ਕੋਰੋਨਾ ਪੌਜ਼ੀਟਿਵ ਰਿਪੋਰਟ, ਪਰਿਵਾਰ ਨੇ ਕਾਰਵਾਈ ਦੀ ਕੀਤੀ ਮੰਗ
ਅੰਮ੍ਰਿਤਸਰ: ਸ਼ਹਿਰ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਗਰਭਵਤੀ ਮਹਿਲਾ ਦੀ ਇੱਕ ਵਾਰ ਨਿੱਜੀ ਲੈਬ ਤੋਂ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਅਤੇ ਸਰਕਾਰੀ ਲੈਬ ਤੋਂ ਨੈਗਟਿਵ ਆਈ ਹੈ। ਮਹਿਲਾ ਦੇ ਸੁਹਰੇ ਰਾਜ ਕੁਮਾਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਨੂੰਹ ਗਰਭਵਤੀ ਹੈ ਅਤੇ ਉਸ ਦੇ ਜਣੇਪੇ ਦੀ ਤਰੀਖ਼ ਨਜ਼ਦੀਕ ਹੋਣ ਕਾਰਨ ਉਸ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਹਸਪਤਾਲ ਨੇ ਤੁਲੀ ਲੈਬ ਤੋਂ ਉਸ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ, ਤੁਲੀ ਲੈਬ 'ਤੇ ਹੋਏ ਟੈਸਟ ਵਿੱਚ ਇਸ ਦੀ ਰਿਪੋਰਟ ਪੌਜ਼ੀਟਿਵ ਆਈ ਅਤੇ ਬਾਅਦ ਵਿੱਚ ਸਰਕਾਰੀ ਲੈਬ ਤੋਂ ਦੋ ਵਾਰ ਰਿਪੋਰਟ ਨੈਗਟਿਵ ਆਈ। ਉਨ੍ਹਾਂ ਤੁਲੀ ਲੈਬ 'ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਅਤੇ ਇਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।