ਕਿਸਾਨਾਂ ਦੇ ਹੱਕ 'ਚ ਡਟੇ ਸਾਬਕਾ ਫ਼ੌਜੀ, 1 ਮਹੀਨੇ ਤੋਂ ਬੈਠੇ ਕਿਸਾਨ ਧਰਨੇ 'ਚ
ਲੁਧਿਆਣਾ: ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਘੇਰੀ ਹੋਈ ਹੈ, ਉੱਥੇ ਹੀ ਪੰਜਾਬ ਅੰਦਰ ਵੀ ਵੱਖੋ-ਵੱਖ ਥਾਵਾਂ ਉੱਪਰ ਕਿਸਾਨਾਂ ਵੱਲੋਂ ਲਗਾਤਾਰ ਰੋਸ ਮੁਜਾਹਰੇ ਕੀਤਾ ਜਾ ਰਹੇ ਹਨ। ਖੰਨਾ ਦੇ ਰੇਲਵੇ ਸਟੇਸ਼ਨ ਉੱਤੇ 88 ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ, ਜਿਸ ਵਿੱਚ ਇੱਕ ਮਹੀਨੇ ਤੋਂ ਸਾਬਕਾ ਫੌਜੀ ਵੀ ਕਿਸਾਨਾਂ ਨਾਲ ਡਟੇ ਹੋਏ ਹਨ। ਰਿਟਾਇਰ ਕੈਪਟਨ ਨੰਦ ਲਾਲ ਮਾਜਰੀ ਨੇ ਕਿਹਾ ਕਿ ਉਹ ਇੱਕ ਮਹੀਨੇ ਤੋਂ ਕਿਸਾਨਾਂ ਨਾਲ ਬੈਠੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਉਨ੍ਹਾਂ ਨਾਲ ਕੀਤਾ ਹੈ ਜੇਕਰ ਉਸੇ ਸਮੇਂ ਹੀ ਸਰਕਾਰ ਨੂੰ ਸਬਕ ਸਿਖਾਇਆ ਹੁੰਦਾ ਤਾਂ ਸ਼ਾਇਦ ਕਿਸਾਨਾਂ ਉੱਤੇ ਕਾਲੇ ਕਾਨੂੰਨ ਨਾ ਥੋਪੇ ਜਾਂਦੇ। ਉਨ੍ਹਾਂ ਕਿਹਾ ਕਿ ਜੇ ਕਿਸਾਨ ਬਰਬਾਦ ਹੈ ਤਾਂ ਹਿੰਦੁਸਤਾਨ ਬਰਬਾਦ ਹੈ। ਕਾਲੇ ਕਾਨੂੰਨਾਂ ਨਾਲ ਅੰਬਾਨੀ ਤੇ ਅਡਾਨੀ ਪੰਜਾਬ ਨੂੰ ਵੀ ਬਰਬਾਦ ਕਰਨ ਲੱਗੇ ਹਨ। ਜੈ ਜਵਾਨ ਜੈ ਕਿਸਾਨ ਦਾ ਨਾਅਰਾ ਕਿਤੇ ਦਿਖਾਈ ਨਹੀਂ ਦਿੰਦਾ। ਜਿੰਨਾ ਚਿਰ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ।