ਅੰਦੋਲਨ 'ਚ ਸ਼ਾਮਲ ਨਾ ਹੋਣ 'ਤੇ ਪਿੰਡ ਡਗਰੂ ਦੇ ਹਰ ਵਿਅਕਤੀ ਨੂੰ ਲੱਗੇਗਾ 2000 ਰੁਪਏ ਜੁਰਮਾਨਾ - fined Rs 2,000 for not joining agitation
ਮੋਗਾ: ਇੱਥੋਂ ਦੇ ਪਿੰਡ ਡਗਰੂ ਦੀ ਪੰਚਾਇਤ ਨੇ ਇੱਕ ਅਨੋਖਾ ਫ਼ੈਸਲਾ ਲਿਆ ਹੈ। ਇਸ ਤਹਿਤ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਮਤਾ ਵੀ ਪਾਸ ਕੀਤਾ ਗਿਆ ਹੈ। ਇਸ ਮਤੇ ਮੁਤਾਬਕ ਪਿੰਡ ਡਗਰੂ ਦੇ ਹਰੇਕ ਘਰ ਵਿੱਚੋਂ ਇੱਕ ਵਿਅਕਤੀ ਦਿੱਲੀ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਵੇਗਾ ਅਤੇ ਪਿੰਡ ਦੀ ਪੰਚਾਇਤ ਵੱਲੋਂ ਇੱਕ ਟਰੈਕਟਰ ਟਰਾਲੀ ਪੱਕੇ ਤੌਰ ਉੱਤੇ ਦਿੱਲੀ ਬਾਰਡਰ ਦੇ ਸੰਘਰਸ਼ ਵਿੱਚ ਲਗਾਇਆ ਜਾਵੇਗਾ। ਇਸੇ ਤਹਿਤ ਸੰਘਰਸ਼ ਵਿੱਚ ਸ਼ਾਮਲ ਨਾ ਹੋਣ ਵਾਲੇ ਵਿਅਕਤੀ ਨੂੰ ਦੋ ਹਜ਼ਾਰ ਰੁਪਏ ਪੰਚਾਇਤ ਵੱਲੋਂ ਜੁਰਮਾਨਾ ਕੀਤਾ ਜਾਵੇਗਾ। ਪੰਚਾਇਤ ਨੇ ਐਲਾਨ ਕੀਤਾ ਹੈ ਕਿ ਸੰਘਰਸ਼ ਦੌਰਾਨ ਜੇਕਰ ਕਿਸੇ ਵੀ ਕਿਸਾਨ ਦਾ ਕੋਈ ਵੀ ਨੁਕਸਾਨ ਹੁੰਦਾ ਤਾਂ ਉਕਤ ਪੀੜਤ ਪਰਿਵਾਰ ਦੀ ਪੰਚਾਇਤ ਵੱਲੋਂ ਭਰਪਾਈ ਕੀਤੀ ਜਾਵੇਗੀ।