ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਪਿੰਡ ਰਾਜੋਵਾਲਾ ਦੀ ਪੰਚਾਇਤ ਅਕਾਲੀ ਦਲ 'ਚ ਹੋਈ ਸ਼ਾਮਲ - Parties Exchange
ਫ਼ਰੀਦਕੋਟ: ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਹਲਕੇ ਦੇ ਪਿੰਡ ਰਾਜੋਵਾਲਾ ਦੀ ਪੂਰੀ ਪੰਚਾਇਤ ਸਰਪੰਚ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਹਲਕਾ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਨੇ ਸਾਰਿਆਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਤੋਂ ਅੱਕੇ ਪਏ ਹਨ, ਇਸ ਲਈ ਹਲਕੇ ਦੇ ਹਰੇਕ ਪਿੰਡ ਤੋਂ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦੀ ਸਰਕਾਰ ਵੱਡੇ ਬਹੁਮਤ ਨਾਲ ਬਣਨ ਜਾ ਰਹੀ ਹੈ।