ਦੁਰਗਿਆਣਾ ਮੰਦਰ ਕਮੇਟੀ ਵੱਲੋਂ ਸ਼ਮਸਾਨ ਘਾਟ ਦੀ ਮੰਗ - ਅੰਮ੍ਰਿਤਸਰ
ਅੰਮ੍ਰਿਤਸਰ :ਪੰਜਾਬ 'ਚ ਦਿਨ-ਬ-ਦਿਨ ਕੋਰੋਨਾ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਅੰਮ੍ਰਿਤਸਰ ਦੀ ਦੁਰਗਿਆਣਾ ਮੰਦਰ ਕਮੇਟੀ ਸੁਚੇਤ ਹੋ ਗਈ ਹੈ। ਇਸ ਦੇ ਚਲਦੇ ਕਮੇਟੀ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਕੋਲੋਂ ਸ਼ਿਵਪੁਰੀ ਸ਼ਮਸਾਨ ਘਾਟ ਦੇ ਨਾਲ ਲਗਦੀ ਇੰਪਰੂਵਮੈਂਟ ਟਰੱਸਟ ਦੀ ਥਾਂ ਮੰਦਰ ਕਮੇਟੀ ਨੂੰ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਤਾਂ ਜੋ ਕੋਰੋਨਾ ਮ੍ਰਿਤਕਾਂ ਦੇ ਅੰਤਮ ਸਸਕਾਰ ਲਈ ਬਣਾਏ ਜਾ ਸਕਣ ਨਵੇਂ ਥੜੇ। ਮੰਦਰ ਦੇ ਅਧਿਕਾਰੀਆਂ ਨੇ ਕਿਹਾ ਕੋਰੋਨਾ ਕਾਰਨ ਰੋਜ਼ਾਨਾ ਕਈ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਇਸ ਦੌਰਾਨ ਸ਼ਮਸ਼ਾਨ ਘਾਟਾਂ 'ਚ ਅੰਤਮ ਸਸਕਾਰ ਦੀ ਥਾਂ ਘੱਟ ਪੈ ਰਹੀ ਹੈ ਤੇ ਲੋਕਾਂ ਨੂੰ ਪਾਰਕਿੰਗ, ਪਾਰਕਾਂ ਆਦਿ 'ਚ ਸਸਕਾਰ ਕਰਨੇ ਪੈ ਰਹੇ ਹਨ। ਉਨ੍ਹਾ ਲੋਕਾਂ ਨੂੰ ਐਲਪੀਜੀ ਰਾਹੀਂ ਸਸਕਾਰ ਕਰਨ ਪਹਿਲ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ 'ਚ ਖਰਚਾ ਘੱਟ ਆਉਂਦਾ ਹੈ ਤੇ ਪ੍ਰਦੂਸ਼ਣ ਘੱਟ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।