ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਨੂੰ ਲੈ ਕੇ ਡਾਕਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ:ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ।ਹਾਦਸੇ 'ਚ ਹਸਪਤਾਲ ਦੇ ਮੈਡੀਕਲ ਅਫਸਰ ਡਾ. ਭਵਨੀਤ ਸਿੰਘ ਦੇ ਪੱਟ 'ਤੇ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਮਗਰੋਂ ਹਸਪਤਾਲ ਦੇ ਹੋਰਨਾਂ ਡਾਕਟਰਾਂ ਤੇ ਮੈਡੀਕਲ ਸਟਾਫ ਵੱਲੋਂ ਗੋਲੀਆਂ ਚੱਲਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਹਾਦਸੇ ਮਗਰੋਂ ਅਸੀਂ ਖ਼ੁਦ ਨੂੰ ਅਸਰੁੱਖਿਅਤ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਹਸਪਤਾਲ ਅੰਦਰ ਪੁਲਿਸ ਚੌਂਕੀ ਸਥਾਪਤ ਕੀਤੇ ਜਾਣ ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸਿਹਤ ਵਿਭਾਗ ਦੇ ਮੁਲਾਜ਼ਮ ਤੇ ਡਾਕਟਰ ਬਿਨਾਂ ਰੁਕਾਵਟ ਤੋਂ ਇਲਾਜ ਕਰ ਸਕਣ। ਉਨ੍ਹਾਂ ਮੰਗਾਂ ਨਾ ਮੰਨੇ ਜਾਣ 'ਤੇ ਰੋਸ ਪ੍ਰਦਰਸ਼ਨ ਜਾਰੀ ਰੱਖਣ ਤੇ ਮੈਡੀਕਲ ਸੇਵਾਵਾਂ ਬੰਦ ਰੱਖਣ ਦੀ ਚੇਤਵਨੀ ਦਿੱਤੀ।