ਡੀਜੀਪੀ ਦਾ ਬਿਆਨ ਲੋਕਾਂ 'ਚ ਫੈਲਾ ਰਿਹਾ ਨਫ਼ਰਤ ਦਾ ਸੰਦੇਸ਼: ਸੁਖਪਾਲ ਖਹਿਰਾ - ਡੀਜੀਪੀ ਦਿਨਕਰ ਗੁਪਤਾ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਕੋਰੀਡੋਰ ਉੱਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਡੀਜੀਪੀ ਦੇ ਵਿਰੁੱਧ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਡੀਜੀਪੀ ਵੱਲੋਂ ਦਿੱਤੇ ਗਏ ਬਿਆਨ ਉੱਤੇ ਆਪਣੀ ਪ੍ਰਤੀਕੀਰਿਆ ਦਿੰਦੇ ਹੋਏ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਡੀਜੀਪੀ ਵੱਲੋਂ ਅਜਿਹੇ ਬਿਆਨ ਮਹਿਜ਼ ਕਰਤਾਰਪੁਰ ਕਾਰੀਡੋਰ ਬੰਦ ਕਰਵਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬਾਅਦ ਸਿੱਖਾਂ ਲਈ ਕਰਤਾਰਪੁਰ ਸਾਹਿਬ ਜਾਣ ਦਾ ਰਾਹ ਖੁੱਲ੍ਹਿਆ ਹੈ। ਸਿੱਖ ਸ਼ਰਧਾਲੂ ਸ਼ਰਧਾ ਭਾਵ ਨਾਲ ਉੱਥੇ ਦਰਸ਼ਨਾਂ ਲਈ ਜਾਂਦੇ ਹਨ, ਪਰ ਡੀਜੀਪੀ ਦੇ ਅਜਿਹੇ ਬਿਆਨਾਂ ਰਾਹੀਂ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਡੀਜੀਪੀ ਵੱਲੋਂ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਨੂੰ ਅੱਤਵਾਦ ਦਾ ਨਾਂਅ ਦਿੱਤਾ ਗਿਆ ਹੈ। ਖਹਿਰਾ ਨੇ ਆਖਿਆ ਕਿ ਅਜਿਹੇ ਬਿਆਨ ਲੋਕਾਂ ਨੂੰ ਨਫ਼ਰਤ ਭਰੇ ਸੰਦੇਸ਼ ਦੇ ਰਹੇ ਹਨ। ਇਸ ਨਾਲ ਦੇਸ਼ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਣੇਗਾ ਜੋ ਕਿ ਲੋਕਤੰਤਰ ਲਈ ਸਹੀ ਨਹੀਂ ਹੈ। ਖਹਿਰਾ ਨੇ ਆਖਿਆ ਕਿ ਡੀਜੀਪੀ ਨੂੰ ਆਪਣੇ ਦੀ ਦੇਸ਼ ਦੇ ਲੋਕਾਂ ਲਈ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡੀਜੀਪੀ ਦਾ ਇਹ ਬਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਜ਼ਾਮੰਦੀ ਦੇ ਬਗੈਰ ਦਿੱਤਾ ਗਿਆ ਹੈ, ਤਾਂ ਦਿਨਕਰ ਗੁਪਤਾ ਨੂੰ ਡੀਜੀਪੀ ਦੇ ਅਹੁਦੇ ਤੋਂ ਮੁੱਅਤਲ ਕਰ ਦੇਣਾ ਚਾਹੀਦਾ ਹੈ।