ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਰਬਾਰ ਸਾਹਿਬ 'ਚ ਹੋਈ ਦੀਪਮਾਲਾ
ਅੰਮ੍ਰਿਤਸਰ: ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ। ਇਹ ਸਾਰੀ ਦੀਪਮਾਲਾ ਦਿਲ ਖਿੱਚਵੀਂ ਸੀ। ਘੱਟ ਗਿਣਤੀਆਂ ਵਿੱਚ ਪਹੁੰਚੀਆਂ ਸਿੱਖ ਸੰਗਤਾਂ ਵੱਲੋਂ ਸ਼ਰਧਾ ਤੇ ਭਾਵਨਾ ਨਾਲ ਸਰੋਵਰ ਦੇ ਨੇੜੇ ਦੀਵੇ ਲਾ ਕੇ ਦੀਪਮਾਲਾ ਕੀਤੀ ਗਈ। ਇਸ ਕਾਰਨ ਮਨਮੋਹਕ ਅਤੇ ਅਲੌਕਿਕ ਦ੍ਰਿਸ਼ ਬਣ ਗਿਆ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਅਸਥਾਨ ਸਰਾਏ ਨਾਗਾ (ਜ਼ਿਲ੍ਹਾ ਮੁਕਤਸਰ) ਵਿੱਚ ਪੈਂਦਾ ਹੈ ਪਰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦੀਪਮਾਲਾ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਜੇਕਰ ਕੋਰੋਨਾ ਦੇ ਕਰਕੇ ਕਰਫ਼ਿਊ ਨਾ ਹੁੰਦਾ ਤਾਂ ਸੰਗਤ ਦਾ ਵੱਡੇ ਪੱਧਰ 'ਤੇ ਇੱਕਠ ਹੋਣਾ ਸੀ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਾਨੌ-ਸ਼ੌਕਤ ਨਾਲ ਮਨਾਇਆ ਜਾਣਾ ਸੀ।