ਅਸਮਾਨੀ ਬਿਜਲੀ ਡਿੱਗਣ ਨਾਲ ਅਮਲੋਹ 'ਚ ਪ੍ਰਵਾਸੀ ਮਜ਼ਦੂਰ ਦੀ ਮੌਤ - ਵਿਧਾਨ ਸਭਾ ਹਲਕਾ ਅਮਲੋਹ
ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡ ਬੈਣਾ ਬੁਲੰਦ ਵਿਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਥੇ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 50 ਸਾਲਾ ਪ੍ਰੇਮ ਠਾਕੁਰ ਵਜੋਂ ਹੋਈ ਹੈ। ਇਹ ਪ੍ਰਵਾਸੀ ਮਜ਼ਦੂਰ ਬੈਣਾ ਬੁਲੰਦ ਦੇ ਹੀ ਇੱਕ ਕਿਸਾਨ ਉਜਾਗਰ ਸਿੰਘ ਕੋਲ ਸਿਰੀ ਦਾ ਕੰਮ ਕਰਦਾ ਸੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਉਜਾਗਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਿਰੀ ਮਜ਼ਦੂਰ ਪ੍ਰੇਮ ਠਾਕੁਰ ਅਤੇ ਬੇਟੇ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਪ੍ਰੇਮ ਠਾਕੁਰ ਮੇਰੇ ਤੋਂ 10 ਫੁੱਟ ਦੀ ਦੂਰੀ 'ਤੇ ਕੰਮ ਕਰ ਰਿਹਾ ਸੀ ਅਤੇ ਅਚਾਨਕ ਅਸਮਾਨੀ ਬਿਜਲੀ ਡਿੱਗੀ। ਜਦੋਂ ਉਨ੍ਹਾਂ ਨੇ ਪਿਛੇ ਮੁੜ ਕੇ ਵੇਖਿਆ ਤਾਂ ਪ੍ਰੇਮ ਠਾਕੁਰ ਜ਼ਮੀਨ ਉੱਤੇ ਡਿੱਗਿਆ ਪਿਆ ਸੀ। ਉਸ ਦੇ ਕਪੜੇ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਝੁਲਸ ਚੁੱਕਾ ਸੀ। ਮ੍ਰਿਤਕ ਨੂੰ ਇਲਾਜ ਲਈ ਅਮਲੋਹ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬੇਅੰਤ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਸ ਮ੍ਰਿਤਕ ਦੀ ਮੌਤ ਦਾ ਉਸ ਦੇ ਪਰਿਵਾਰਕ ਮੈਬਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ।