ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਨਿੱਜੀ ਸਹਾਇਕ 'ਤੇ ਜਾਨਲੇਵਾ ਹਮਲਾ - ਮਨਜੀਤ ਸਿੰਘ ਮੰਨਾ ਦੇ ਨਿੱਜੀ ਸਹਾਇਕ 'ਤੇ ਜਾਨਲੇਵਾ ਹਮਲਾ
ਤਰਨ ਤਾਰਨ: ਵੀਰਵਾਰ ਸਵੇਰੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਨਿੱਜੀ ਸਹਾਇਕ ਹਰਜੀਤ ਸਿੰਘ ਮੀਆਂਵਿੰਡ 'ਤੇ ਜਾਨਲੇਵਾ ਹਮਲਾ ਹੋਇਆ। ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੀ ਵਸਨੀਕ ਸਰਬਜੀਤ ਸਿੰਘ ਛੱਬਾ ਪੰਚਾਇਤੀ ਚੋਣਾਂ ਵੇਲੇ ਤੋਂ ਹੀ ਉਸਦੇ ਨਾਲ ਨਿੱਜੀ ਰੰਜਿਸ਼ ਰੱਖਦਾ ਸੀ। ਹਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤਸਰ ਤੋਂ ਆਪਣੇ ਪਿੰਡ ਮੀਆਂਵਿੰਡ ਪਹੁੰਚ ਕੇ ਜਦੋਂ ਆਪਣੀ ਗੱਡੀ ਵਿੱਚੋਂ ਉਤਰ ਕੇ ਮਨਜੀਤ ਸਿੰਘ ਮੰਨਾ ਦੀ ਕੋਠੀ ਨੂੰ ਜਾਣ ਲੱਗੇ ਤਾਂ ਪਹਿਲਾਂ ਤੋਂ ਗੱਡੀ ਲੈਕੇ ਖੜ੍ਹੇ ਸਰਬਜੀਤ ਸਿੰਘ ਨੇ ਉਸ ਉਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਕਦਮ ਪਿੱਛੇ ਹਟ ਗਏ। ਇਸ ਤੋਂ ਬਾਅਦ ਉਹ ਆਪਣੇ ਦੋ ਹੋਰ ਸਾਥੀਆਂ ਨਾਲ ਵਾਪਿਸ ਆਏ ਤਾਂ ਆਉਂਦਿਆਂ ਹੀ ਪਿਸਤੌਲ ਨਾਲ ਸਿੱਧੇ ਉਨ੍ਹਾਂ 'ਤੇ ਫਾਇਰ ਹੋਏ ਜੋ ਕਿ ਮਿਸ ਹੋਣ ਕਰਕੇ ਉਹ ਵਾਲ ਵਾਲ ਬਚ ਗਏ। ਸੂਚਨਾ ਮਿਲਦਿਆਂ ਹੀ ਡੀ ਐਸ ਪੀ ਸੁੱਚਾ ਸਿੰਘ ਅਤੇ ਥਾਣਾ ਵੈਰੋਵਾਲ ਦੇ ਐਸ ਐਚ ਓ ਬਲਵਿੰਦਰ ਸਿੰਘ ਤੇੜਾ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਤੇ ਤਫਤੀਸ਼ ਸ਼ੁਰੂ ਕਰ ਦਿੱਤੀ।