ਲੌਕਡਾਊਨ 2.0: ਸੋਮਵਾਰ ਤੋਂ ਸ਼ੁਰੂ ਹੋਈਆਂ ਸੇਵਾਵਾਂ ਬਾਰੇ ਡੀਸੀ ਨੇ ਦਿੱਤੀ ਜਾਣਕਾਰੀ
ਲੁਧਿਆਣਾ: ਪੰਜਾਬ ਵਿੱਚ 3 ਮਈ ਤੱਕ ਕਰਫਿਊ ਜਾਰੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਮੁਤਾਬਕ ਸੋਮਵਾਰ ਤੋਂ ਕੁੱਝ ਸੇਵਾਵਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਸਬੰਧੀ ਸੂਚੀ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਿਸਟ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇਣ ਵਾਲਿਆਂ ਨੂੰ ਹੋਵੇਗੀ ਛੋਟ, ਬੈਂਕ ਮੁਲਾਜ਼ਮਾਂ ਨੂੰ ਤੈਅ ਸਮੇਂ ਦੌਰਾਨ ਕੰਮ ਕਰਨ ਦੀ ਆਗਿਆ, ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੰਮ ਕਰਨ ਦੀ ਛੋਟ ਹੋਵੇਗੀ ਪਰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਡੀਸੀ ਨੇ ਦੱਸਿਆ ਕਿ ਕੌਮੀ ਮਾਰਗ 'ਤੇ ਬਣੇ ਢਾਬਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਹੈ ਪਰ ਸਿਰਫ਼ ਖਾਣਾ ਪੈਕ ਕਰਵਾ ਕੇ ਲਿਜਾਇਆ ਜਾਵੇਗਾ ਉੱਥੇ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੈ। ਲੇਬਰ ਅਤੇ ਉਸਾਰੀ ਕਰਨ ਵਾਲੇ ਠੇਕੇਦਾਰਾਂ ਨੂੰ ਪਾਸ ਰਾਹੀਂ ਇਧਰ ਉੱਤਰ ਜਾਣ ਦੀ ਵੀ ਆਗਿਆ ਹੋਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਨੂੰ ਵੀ ਦਫ਼ਤਰ ਨਹੀਂ ਆਉਣਾ ਪਵੇਗਾ ਨੂੰ ਆਨਲਾਈਨ ਹੀ ਪਾਸ ਜਾਰੀ ਹੋਣਗੇ।