ਪੰਜਾਬੀ ਬੋਲੀ ਨੂੰ ਵਧਾਉਣ ਵਾਸਤੇ ਸਰਕਾਰ ਕਰੇਗੀ ਪੂਰੇ ਯਤਨ: ਤ੍ਰਿਪਤ ਬਾਜਵਾ
ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਸੋਮਵਾਰ ਨੂੰ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਤੋਂ ਬਾਅਦ ਪਤਰਕਾਰਾਂ ਨਾਲ ਗੱਲ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਿਆ ਜਾਵੇ। ਇਸ ਲਈ ਪੰਜਾਬ ਸਰਕਾਰ ਵੀ ਆਪਣੇ ਤੌਰ ਉਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਸੰਗਰੂਰ ਵਿਖੇ ਹੋਏ ਹਾਦਸੇ 'ਤੇ ਦੁੱਖ ਵੀ ਜ਼ਾਹਰ ਕੀਤਾ। ਬਿਜਲੀ ਦੇ ਵਧੇ ਹੋਏ ਰੇਟ ਬਾਰੇ ਸੁਖਬੀਰ ਬਾਦਲ ਵਲੋਂ ਸਮਝੌਤੇ ਰੱਦ ਕਰਨ ਦੇ ਬਿਆਨ 'ਤੇ ਮੰਤਰੀ ਨੇ ਕਿਹਾ ਕਿ ਇਸ ਬਾਰੇ ਸਰਕਾਰ ਸਦਨ ਵਿੱਚ ਜਵਾਬ ਦੇਵੇਗੀ। ਜਦਕਿ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵਲੋਂ ਲਿਖੀ ਗਈ ਚਿੱਠੀ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ 3 ਦਿਨਾਂ ਤੋਂ ਸੀਐਮ ਵਲੋਂ ਮਿਲਣ ਦਾ ਸਮਾਂ ਨਾ ਦੇਣ ਦੇ ਸਵਾਲਾਂ ਤੋਂ ਮੰਤਰੀ ਸਾਹਬ ਬਚਦੇ ਹੋਏ ਦਿਖਾਈ ਦਿੱਤੇ।