ਰਾਏਕੋਟ ਨਗਰ ਕੌਂਸਲ 'ਚ ਲਾਇਆ ਗਿਆ ਕੋਰੋਨਾ ਟੈਸਟ ਕੈਂਪ - Corona virus
ਰਾਏਕੋਟ: ਨਗਰ ਕੌਂਸਲ ਦਫ਼ਤਰ 'ਚ ਸਿਵਲ ਪ੍ਰਸਾਸ਼ਨ ਨੇ ਵੱਖ-ਵੱਖ ਵਪਾਰਕ ਯੂਨੀਅਨ ਅਤੇ ਸਰਕਾਰੀ ਹਸਪਤਾਲ ਰਾਏਕੋਟ ਦੇ ਸਹਿਯੋਗ ਨਾਲ ਕੋਰੋਨਾ ਟੈਸਟ ਸਬੰਧੀ ਇੱਕ ਵਿਸ਼ੇਸ਼ ਕੈਂਪ ਲਾਇਆ। ਇਸ ਦੌਰਾਨ ਲੋਕਾਂ ਦੇ ਮੁਫ਼ਤ ਕੋਰੋਨਾ ਟੈਸਟ ਕੀਤੇ ਗਏ। ਇਸ ਮੌਕੇ ਐਸ.ਡੀ.ਐਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੇ ਆਪਣਾ ਟੈਸਟ ਕਰਵਾ ਕੇ ਕੈਂਪ ਦੀ ਸ਼ੁਰੂਆਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆ ਐੱਸਡੀਐੱਮ ਗੁਪਤਾ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਕੋਰੋਨਾ ਟੈਸਟ ਨੂੰ ਲੈ ਕੇ ਇੱਕ ਡਰ, ਵਹਿਮ ਪਾਇਆ ਜਾ ਰਿਹਾ ਹੈ, ਜਦੋਂ ਕਿ ਸਰਕਾਰ ਦਾ ਮਕਸਦ ਸਿਰਫ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਇਕੱਤਰ ਕਰਨਾ ਹੈ ਤਾਂ ਜੋ ਪੰਜਾਬ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਕਿਉਂਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਕੋਰੋਨਾ ਵਾਇਰਸ ਆਪਣੇ ਪੀਕ ਦੌਰ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ਕੋਰੋਨਾ ਟੈਸਟ ਸਬੰਧੀ ਪਾਏ ਜਾ ਰਹੇ ਡਰ ਨੂੰ ਦੂਰ ਕਰਨ ਲਈ ਹੀ ਇਹ ਕੈਂਪ ਲਗਾਇਆ ਗਿਆ ਹੈ।