ਕਾਂਗਰਸੀ ਵਰਕਰਾਂ ਨੇ ਚੌਲਾਂਗ ਟੋਲ ਪਲਾਜ਼ਾ ਦਾ ਕੀਤਾ ਘਿਰਾਓ - ਚੌਲਾਂਗ ਟੋਲ ਪਲਾਜ਼ਾ
ਹੁਸ਼ਿਆਰਪੁਰ ਵਿਖੇ ਟਾਂਡਾ ਵਾਸੀਆਂ ਲਈ ਟੋਲ ਮੁਆਫ਼ ਕਰਵਾਉਣ ਲਈ ਕਾਂਗਰਸੀ ਵਰਕਰਾਂ ਨੇ ਚੌਲਾਂਗ ਟੋਲ ਪਲਾਜ਼ਾ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਦਿੱਤੇ ਮੁਫ਼ਤ ਲੰਘਾਇਆ। ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ ਕਰਦੇ ਹੋਏ ਕਾਂਗਰਸੀ ਵਰਕਰਾਂ ਤੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਬਾਰੇ ਦੱਸਦੇ ਹੋਏ ਕਾਂਗਰਸੀ ਆਗੂ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਨੇ ਦੱਸਿਆ ਕਿ ਇਹ ਨੈਸ਼ਨਲ ਹਾਈਵੇ ਅਥਾਰਟੀ ਦੇ ਨਿਯਮਾਂ ਤੇ ਕਾਨੂੰਨ ਮੁਤਾਬਕ ਟਾਂਡਾ ਵਾਸੀਆਂ ਲਈ ਇਸ ਟੋਲ ਦੀ ਫ਼ੀਸ ਮੁਆਫ਼ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਦੇ ਮੁਤਾਬਕ ਟੋਲ ਪਲਾਜ਼ਾ ਤੋਂ 10 ਕਿਲੋਮੀਟਰ ਦੇ ਅੰਦਰ ਪੈਣ ਵਾਲੇ ਇਲਾਕਿਆਂ ਦੇ ਵਸਨੀਕ ਲੋਕਾਂ ਨੂੰ ਟੋਲ ਫ਼ੀਸ ਮੁਆਫ਼ ਹੁੰਦੀ ਹੈ, ਪਰ ਟੋਲ ਪਲਾਜ਼ਾ ਵਾਲੇ ਟਾਂਡਾ ਵਾਸੀਆਂ ਕੋਲੋਂ ਧੱਕੇ ਨਾਲ ਟੈਕਸ ਵਸੂਲ ਕਰ ਰਹੇ ਹਨ। ਜਦਕਿ ਟਾਂਡਾ ਸ਼ਹਿਰ ਇਸ ਟੋਲ ਪਲਾਜ਼ਾ ਤੋਂ ਮਹਿਜ਼ 3 ਕਿੱਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇੱਕ ਟੋਲ ਪਲਾਜ਼ਾ ਤੋਂ ਦੂਜੇ ਦੀ ਦੂਰੀ ਲਗਭਗ 60 ਕਿਲੋਮੀਟਰ ਤੱਕ ਦੀ ਹੋਣੀ ਚਾਹੀਦੀ ਹੈ, ਪਰ ਇਥੇ ਮਹਿਜ਼ 32 ਕਿਲੋਮੀਟਰ ਦੀ ਦੂਰੀ ਉੱਤੇ 2 ਟੋਲ ਪਲਾਜ਼ਾ ਸਥਾਪਤ ਕੀਤੇ ਗਏ ਹਨ। ਦੂਜੇ ਪਾਸੇ ਟੋਲ ਪਲਾਜ਼ਾ ਦੇ ਮੈਨੇਜਰ ਕਰਨ ਸਿੰਘ ਨੇ ਦੱਸਿਆ ਕਿ ਟੋਲ ਮੁਆਫ਼ ਕਰਨਾ ਉਨ੍ਹਾਂ ਦੇ ਹੱਥ ਵਿੱਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰੋਸ ਪ੍ਰਦਰਸ਼ਨ ਬਾਰੇ ਉਨ੍ਹਾਂ ਨੇ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਸੂਚਨਾ ਦੇ ਦਿੱਤੀ ਹੈ।