ਕਿਰਨ ਖੇਰ ਨੂੰ ਨਹੀਂ ਹੈ ਲੋਕ ਸੇਵਾ ਦਾ ਕੋਈ ਤਜਰਬਾ: ਸੁਸ਼ਮਿਤਾ ਦੇਵ
ਚੰਡੀਗੜ੍ਹ: ਅਖਿਲ ਭਾਰਤੀ ਮਹਿਲਾ ਕਾਂਗਰਸ ਕਮੇਟੀ ਨੇ ਆਪਣਾ 38ਵਾਂ ਸਥਾਪਨਾ ਦਿਵਸ ਮਨਾਇਆ। ਕਮੇਟੀ ਨੇ ਇਸ ਮੌਕੇ ਆਨ ਲਾਇਨ ਪੜ੍ਹਾਈ ਦੇ ਦੌਰ ਨੂੰ ਵੇਖਦੇ ਹੋਏ ਗਰੀਬ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਵੰਡੇ। ਇਸ ਦੌਰਾਨ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਦੀਪਾ ਦੂਬੇ ਅਤੇ ਕੌਮੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਆਮ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਦੀ ਹੈ ਤੇ ਅੱਜ ਵੀ ਆਪਣੇ ਸਥਾਪਨਾ ਦਿਵਸ ਦੇ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਮੋਬਾਈਲ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਰੋਨਾ ਮਹਾਂਮਾਰੀ ਦੇ ਦੌਰਾਨ ਸਮਾਜ ਦੇ ਵਿੱਚ ਲਗਾਤਾਰ ਆਪਣੀ ਸੇਵਾਵਾਂ ਦੇਣ ਵਾਲੀਆਂ ਮਹਿਲਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉੱਥੇ ਹੀ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨ੍ਹਦੇ ਹੋਏ ਸੁਸ਼ਮਿਤਾ ਦੇਵ ਨੇ ਕਿਹਾ ਕਿ ਕਿਰਨ ਖੇਰ ਸਿਰਫ ਦਿਖਾਵੇ ਯੋਗ ਨੇ। ਉਨ੍ਹਾਂ ਨੇ ਪਵਨ ਬੰਸਲ ਦੀ ਤਰ੍ਹਾਂ ਚੰਡੀਗੜ੍ਹ ਦੇ ਲੋਕਾਂ ਦੇ ਲਈ ਕੰਮ ਉਨ੍ਹਾਂ ਦੇ ਵਿੱਚ ਰਹਿ ਕੇ ਨਹੀਂ ਕੀਤਾ ਅਤੇ ਅੱਜ ਚੰਡੀਗੜ੍ਹ ਦੇ ਹਾਲਾਤ ਵੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਕਿਰਨ ਖੇਰ ਨੂੰ ਚੰਡੀਗੜ੍ਹ ਦੀ ਕਿੰਨੀ ਚਿੰਤਾ ਹੈ।