ਕਾਂਗਰਸੀ ਲੀਡਰਾਂ ਨੇ ਭਾਜਪਾ ਲੀਡਰਾਂ ਨੂੰ ਦੀਵਾਲੀ 'ਤੇ ਗਿਫ਼ਟ ਕੀਤੇ ਮਹਿੰਗੇ ਆਲੂ ਪਿਆਜ਼ - ਦੇਸ਼ ਵਿੱਚ ਮਹਿੰਗਾਈ
ਸੰਗਰੂਰ: ਦੀਵਾਲੀ ਮੌਕੇ ਜਿੱਥੇ ਸਾਰੇ ਇੱਕ ਦੂਜੇ ਨੂੰ ਤੋਹਫੇ ਦੇ ਕੇ ਆਪਣੀ ਖੁਸ਼ੀ ਨੂੰ ਸਾਂਝੀ ਕਰਦੇ ਹਨ ਉਥੇ ਹੀ ਸੰਗਰੂਰ ਵਿੱਚ ਅੱਜ ਪੰਜਾਬ ਮਹਿਲਾ ਕਾਂਗਰਸ ਦੇ ਕੋਆਰਡੀਨੇਟਰ ਪ੍ਰਿਤਪਾਲ ਕੌਰ ਨੇ ਆਪਣੇ ਆਗੂਆਂ ਨਾਲ ਭਾਜਪਾ ਦੇ ਸੀਨੀਅਰ ਕੌਮੀ ਲੀਡਰ ਸਤਵੰਤ ਸਿੰਘ ਪੂਨੀਆ ਨੂੰ ਆਲੂ, ਪਿਆਜ ਅਤੇ ਟਮਾਟਰ ਦੀਆਂ ਟੌਕਰੀਆਂ ਦੀਵਾਲੀ ਦੇ ਗਿਫ਼ਟ ਦੇ ਤੌਰ ਉੱਤੇ ਦਿੱਤੀਆਂ। ਕਾਂਗਰਸੀ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੇ ਦੇਸ਼ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਨੋਟਬੰਦੀ, ਜੀਐਸਟੀ ਅਤੇ ਲੌਕਡਾਊਨ ਨੇ ਦੇਸ਼ ਦੀ ਅਰਥ-ਵਿਵਸਥਾ ਖ਼ਤਮ ਕਰ ਦਿੱਤੀ ਹੈ ਤੇ ਦੇਸ਼ ਵਿੱਚ ਮਹਿੰਗਾਈ ਨੇ ਅੱਜ ਸਭ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਲਈ ਅੱਜ ਉਹ ਭਾਜਪਾ ਲੀਡਰਸ਼ਿਪ ਨੂੰ ਆਲੂ, ਪਿਆਜ ਅਤੇ ਟਮਾਟਰ ਦੀਵਾਲੀ ਦੇ ਤੋਹਫੇ ਦੇ ਤੌਰ ਉੱਤੇ ਦੇ ਰਹੇ ਹਨ। ਉੱਥੇ ਭਾਜਪਾ ਆਗੂ ਨੇ ਕਿਹਾ ਕਿ ਸਬਜ਼ੀਆਂ ਦੇ ਭਾਅ ਸੂਬਾ ਸਰਕਾਰ ਕਾਰਨ ਵਧੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫਰੰਟ ਉੱਤੇ ਫੇਲ ਸਾਬਤ ਹੋਈ।