ਕੋਰੋਨਾ ਦਰਮਿਆਨ ਡਿਊਟੀ ਦੇਣ ਵਾਲੇ ਸਫ਼ਾਈ ਯੋਧੇ ਤਨਖ਼ਾਹਾਂ ਤੋਂ ਵਾਂਝੇ, ਬੀਜੇਪੀ ਨੇਤਾ 'ਤੇ ਦੋਸ਼
ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਲੋਕਾਂ ਨੂੰ ਸਫ਼ਾਈ ਸੇਵਾ ਮੁਹੱਈਆ ਕਰਵਾਉਣ ਵਾਲੇ ਕਰਮਚਾਰੀਆਂ ਨੂੰ ਕੋਰੋਨਾ ਯੋਧਾ ਕਹਿ ਕੇ ਪੁਕਾਰਿਆ ਗਿਆ ਸੀ, ਪਰ ਹੁਣ ਉੱਥੇ ਚੰਡੀਗੜ੍ਹ ਦੇ ਸੈਕਟਰ 22 ਵਿੱਚ ਸਫ਼ਾਈ ਕਰਮਚਾਰੀਆਂ ਦੀ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਨੂੰ ਪਿਛਲੇ ਮਹੀਨੇ ਤੋਂ ਨਾ ਤਾਂ ਤਨਖ਼ਾਹਾਂ ਮਿਲੀਆਂ ਹਨ ਅਤੇ ਨਾ ਹੀ ਹੁਣ ਉਨ੍ਹਾਂ ਕੋਲ ਕੋਈ ਹੋਰ ਕੰਮ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਤਨਖ਼ਾਹ ਦੀ ਮੰਗ ਕਰਨ ਉੱਤੇ ਉਨ੍ਹਾਂ ਦੇ ਠੇਕੇਦਾਰ ਵੱਲੋਂ ਕੋਰੀ ਨਾਂਹ ਕਰ ਦਿੱਤੀ ਗਈ। ਜਦੋਂ ਉਹ ਤਨਖ਼ਾਹ ਲੈਣ ਲਈ ਉਸ ਦੇ ਘਰ ਗਏ ਤਾਂ ਉਸ ਤੋਂ ਬਾਅਦ ਠੇਕੇਦਾਰ ਇਹ ਮਾਮਲਾ ਪੁਲਿਸ ਥਾਣੇ ਤੱਕ ਲੈ ਗਿਆ। ਥਾਣੇ ਵਿੱਚ ਜਿਥੇ ਰਾਜ਼ੀਨਾਮਾ ਤੋਂ ਬਾਅਦ ਪ੍ਰਿੰਸ ਨਾਂਅ ਦੇ ਠੇਕੇਦਾਰ ਨੇ 4 ਦਿਨਾਂ ਬਾਅਦ ਸਫ਼ਾਈ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦਾ ਵਾਅਦਾ ਕੀਤਾ। ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਉਹ ਅਗਲੇ ਦਿਨ ਸਫ਼ਾਈ ਉੱਤੇ ਆਏ ਤਾਂ ਉੱਥੇ ਬਾਥਰੂਮਾਂ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਨ੍ਹਾਂ ਕੰਮ ਤੋਂ ਕੱਢ ਦਿੱਤਾ ਗਿਆ ਹੈ। ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਅਤੇ ਇਹ ਸਭ ਕੁੱਝ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਦੇ ਇਸ਼ਾਰਿਆਂ ਉੱਤੇ ਹੋ ਰਿਹਾ ਹੈ।