ਕੂੜਾ ਚੁੱਕਣ ਵਾਲੇ ਕਾਮਿਆਂ ਦਾ ਰੁਜ਼ਗਾਰ ਖੋਹ ਰਿਹਾ ਚੰਡੀਗੜ੍ਹ ਨਗਰ ਨਿਗਮ
ਚੰਡੀਗੜ੍ਹ:ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੰਡੀਗੜ੍ਹ ਨਗਰ ਨਿਗਮ ਦੇ ਮੋਟਰਾਈਜ਼ਡ ਗਾਰਬੇਜ਼ ਕੁਲੈਕਸ਼ਨ ਫੈਸਲੇ ਦੇ ਖਿਲਾਫ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਨਗਰ ਨਿਗਮ ਤੋਂ ਜਵਾਬ ਦੀ ਮੰਗ ਕੀਤੀ ਹੈ। ਚੰਡੀਗੜ੍ਹ ਨਗਰ ਨਿਗਮ ਨੇ ਜਵਾਬ ਲਈ ਹਾਈਕੋਰਟ ਤੋਂ ਸਮਾਂ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਜਨਵਰੀ ਹੋਵੇਗੀ। ਇਸ ਬਾਰੇ ਦੱਸਦੇ ਹੋਏ ਐਡਵੋਕੇਟ ਏਪੀਸੀ ਸ਼ੇਰਗਿੱਲ ਤੇ ਐਚਐਸ ਸੇਠੀ ਨੇ ਦੱਸਿਆ ਕਿ ਇਹ ਪਟੀਸ਼ਨ ਸਕੈਟਰ 56 ਦੇ ਨਿਵਾਸੀ ਸ਼ਮਸ਼ੇਰ ਸਿੰਘ ਤੇ ਹੋਰਨਾਂ 28 ਲੋਕਾਂ ਵੱਲੋਂ ਦਾਖਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਕਰਤਾ ਲੋਕਾਂ ਦੇ ਘਰਾਂ ਚੋਂ ਕੂੜਾ ਇੱਕਠਾ ਕਰਕੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ, ਪਰ ਨਗਰ ਨਿਗਮ ਦਾ ਇਹ ਫੈਸਲਾ ਇੱਕ ਏਜੰਡੇ ਤਹਿਤ ਲਾਗੂ ਕੀਤਾ ਗਿਆ ਹੈ। ਜਦੋਂ ਕਿ ਨਗਰ ਨਿਗਮ ਨੇ ਦਾ ਇਹ ਫੈਸਲਾ 3 ਹਜ਼ਾਰ ਤੋਂ ਵੱਧ ਕੂੜਾ ਚੁੱਕਣ ਵਾਲੇ ਕਾਮਿਆਂ ਦੀ ਰੁਜ਼ਗਾਰ ਖੋਹਣ ਵਾਲਾ ਸਾਬਿਤ ਹੋ ਰਿਹਾ ਹੈ।