ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਸਾਥ ਦਵੇਗੀ ਚੰਡੀਗੜ੍ਹ ਕਾਂਗਰਸ :ਪ੍ਰਦੀਪ ਛਾਬੜਾ - ਕਿਸਾਨਾਂ ਦਾ ਸਾਥ ਦਵੇਗੀ ਚੰਡੀਗੜ੍ਹ ਕਾਂਗਰਸ
ਚੰਡੀਗੜ੍ਹ :ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਿਆਸੀ ਤੇ ਸਮਾਜਿਕ ਜੱਥੇਬੰਦੀਆਂ ਦਾ ਸਾਥ ਮਿਲ ਰਿਹਾ ਹੈ। ਕਿਸਾਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਐਲਾਨ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਚੰਡੀਗੜ੍ਹ ਕਾਂਗਰਸ ਨੇ ਪੰਜਾਬ ਅਤੇ ਹਰਿਆਣਾ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਦੱਸਦੇ ਹੋਏ ਚੰਡੀਗੜ੍ਹ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਇਹ ਖੇਤੀ ਆਰਡੀਨੈਂਸ ਪਾਸ ਕਰਕੇ ਕਿਸਾਨੀਂ ਦਾ ਨਿੱਜੀਕਰਣ ਕਰ ਦਿੱਤਾ ਹੈ। ਇਸ ਨਾਲ ਅੰਨਦਾਤਾ ਮੰਨੇ ਜਾਣ ਵਾਲੇ ਕਿਸਾਨਾਂ ਉੱਤੇ ਵਾਧੂ ਬੋਝ ਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਮੁੱਦਾ ਮਹਿਜ਼ ਕਿਸਾਨਾਂ ਨਾਲ ਹੀ ਨਹੀਂ ਜੁੜਿਆ ਸਗੋਂ ਇਸ ਨਾਲ ਆੜਤੀ, ਮਜ਼ਦੂਰ, ਤੇ ਹੋਰਨਾਂ ਕਈ ਵਰਗ ਵੀ ਜੁੜੇ ਹਨ। ਉਨ੍ਹਾਂ ਮੋਦੀ ਸਰਕਾਰ ਉੱਤੇ ਖੇਤੀ ਆਰਡੀਨੈਂਸਾਂ ਦੀ ਆੜ 'ਚ ਕਿਸਾਨੀ ਨੂੰ ਵੇਚਣ ਤੇ ਕਿਸਾਨਾਂ ਦੀ ਜ਼ਮੀਨਾਂ ਹੜਪਨ ਦੀ ਸਾਜਿਸ਼ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕਾਂਗਰਸ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਹਰ ਤਰੀਕੇ ਸਾਥ ਦਵੇਗੀ।