267 ਸਰੂਪਾਂ ਦੇ ਘਪਲੇ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ: ਬੈਂਸ - case of missing 267 saroops of guru granth sahib
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਲੋਕ ਇਨਸਾਫ਼ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਬੈਂਸ ਆਪਣੇ ਸਾਥੀਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਗੁਰਦੁਆਰਾ ਰਾਮਸਰ ਅੰਮ੍ਰਿਤਸਰ ਸਾਹਿਬ ਵਿਖੇ 18-19 ਮਈ ਸਾਲ 2016 ਦੀ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਏ, ਜਿਨ੍ਹਾਂ ਦਾ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਵੀ ਕੀਤਾ ਗਿਆ, ਪਰ ਸ੍ਰੋਮਣੀ ਕਮੇਟੀ ਕੋਲ ਇਸ ਦਾ ਕੋਈ ਵੀ ਰਿਕਾਰਡ ਨਹੀਂ ਹੈ। ਇਸ ਹਾਦਸੇ ਸਬੰਧੀ ਕੋਈ ਵੀ ਸੀਸੀਟੀਵੀ ਫੁਟੇਜ ਨਹੀਂ ਹੈ ਤੇ ਉਸ ਸਮੇਂ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਜੇ ਤਾਂ ਸਿੱਖ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਭੁੱਲੇ ਤੇ ਹੁਣ 267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗ਼ਾਇਬ ਹੋ ਗਏ ਹਨ ਤੇ ਕੌਮ ਪ੍ਰੇਸ਼ਾਨ ਹੈ ਅਤੇ ਇਸ ਦੀ ਕੋਈ ਜਾਣਕਾਰੀ ਨਹੀਂ ਕਿ ਕੌਣ ਲੈ ਗਿਆ?