ਬਾਸਪਾ ਵਰਕਰਾਂ ਨੇ ਵਜੀਫਾ ਘੁਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਸ੍ਰੀ ਫ਼ਤਿਹਗੜ੍ਹ ਸਾਹਿਬ: ਸੂਬੇ ਵਿੱਚ ਵਜੀਫਾ ਘੁਟਾਲੇ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮੁੱਦੇ 'ਤੇ ਵਿਰੋਧੀ ਧਿਰ ਪੰਜਾਬ ਸਰਕਾਰ ਨੂੰ ਘੇਰਦੀ ਨਜ਼ਰ ਆ ਰਹੀ ਹੈ। ਇਸੇ ਕੜੀ 'ਚ ਫ਼ਤਿਹਗੜ੍ਹ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਵਜੀਫਾ ਘੁਟਾਲੇ ਦੀ ਜਾਂਚ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਉਨ੍ਹਾਂ ਜ਼ਿਲ੍ਹੇ ਦੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨੂੰ ਜਾਂਚ ਸਬੰਧੀ ਮੰਗ ਪੱਤਰ ਸੌਂਪਿਆ। ਬਾਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਨੇ ਐਸਸੀ ਬੱਚਿਆਂ ਨੂੰ ਮਿਲਣ ਵਾਲੇ ਵਜੀਫੇ 'ਚ ਵੱਡਾ ਘੁਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਸੂਬੇ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸੌਂਪੀ ਗਈ ਹੈ। ਮੰਤਰੀਆਂ ਵੱਲੋਂ ਘੁਟਾਲੇ ਕਾਰਨ ਐਸੀਸੀ ਵਰਗ ਦੇ ਬੱਚਿਆਂ ਨੂੰ ਸਕੀਮ ਦਾ ਮੁਨਾਫ਼ਾ ਨਹੀ ਮਿਲਿਆਂ ਤੇ ਨਾ ਹੀ ਉਹ ਅਗਲੀ ਜਮਾਤ 'ਚ ਦਾਖਲਾ ਲੈ ਸਕੇ। ਬਾਸਪਾ ਆਗੂਆਂ ਨੇ ਇਸ ਸਕੀਮ ਦੀ ਰਾਸ਼ੀ ਸਬੰਧੀ ਪੂਰਾ ਆਡਿਟ ਕਰਵਾਏ ਜਾਣ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।