ਸਤਲੁਜ ਦਰਿਆ ਰਾਹੀਂ ਹੈਰੋਇਨ ਤਸਕਰੀ ਕਰਦਾ ਇੱਕ ਕਾਬੂ - ਸਤਲੁਜ ਦਰਿਆ
ਬੀਐਸਐਫ਼ ਨੇ ਸਤਲੁਜ ਦਰਿਆ ਤੋਂ ਹੈਰੋਇਨ ਅਤੇ ਕਾਰਤੂਸ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਨਸ਼ੇ ਦੀ ਖੇਪ ਨੂੰ ਪਾਕਿਸਤਾਨ ਤੋਂ ਦਰਿਆ ਰਾਹੀਂ ਤੈਰਦੇ ਹੋਏ ਭਾਰਤ ਲਿਆ ਰਿਹਾ ਸੀ। ਫ਼ਿਰੋਜ਼ਪੁਰ ਬੀਐੱਸਐੱਫ ਦੀ 136 ਬਟਾਲਿਅਨ ਨੇ ਮੋਹਮਦੀ ਵਾਲਾ ਦੇ ਨੇੜੇ ਸਤਲੁਜ ਦਰਿਆ ਵਿੱਚ ਪਾਕਿਸਤਾਨ ਵੱਲੋਂ ਭਾਰਤੀ ਸਰਹਦ ਦੇ ਅੰਦਰ ਤੈਰਦੇ ਹੋਏ ਆ ਰਹੇ ਇੱਕ ਭਾਰਤੀ ਤਸਕਰ ਨੂੰ ਮੌਕੇ 'ਤੇ ਕਾਬੂ ਕਰ ਲਿਆ। ਤਸਕਰ ਕੋਲੋਂ 16 ਕਿਲੋ ਹੈਰੋਇਨ, 31 ਬੋਰ ਦੇ ਕਾਰਤੂਸ, ਇੱਕ ਮੈਗਜ਼ੀਨ ਸਮੇਤ ਪਾਕਿਸਤਾਨੀ ਸਿਮ ਬਰਾਮਦ ਕੀਤੀ ਗਈ ਹੈ। ਹੈਰੋਇਨ ਦੀ ਕੀਮਤ ਕਰੀਬ 80 ਕਰੋੜ ਦੱਸੀ ਜਾ ਰਹੀ ਹੈ। ਤਸਕਰ ਹਰਜਿੰਦਰ ਸਿੰਘ ਸਰਹੱਦੀ ਪਿੰਡ ਪੱਲਾ ਮੇਘਾ ਦਾ ਰਹਿਣ ਵਾਲਾ ਹੈ। ਇਹ ਤਸਕਰ ਤੈਰ ਕੇ ਪਾਕਿਸਤਾਨ ਵਿੱਚ ਦਾਖ਼ਲ ਹੋਇਆ ਸੀ ਅਤੇ ਪਾਕਿਸਤਾਨ ਤੋਂ ਹਰੇਇਨ ਦੀ ਖੇਪ ਲੈ ਕੇ ਵਾਪਿਸ ਦਰਿਆ ਰਾਹੀਂ ਹੀ ਭਾਰਤੀ ਖੇਤਰ ਵਿੱਚ ਵਾਪਿਸ ਆ ਰਿਹਾ ਸੀ। ਸਰਹਦੀ ਇਲਾਕੇ ਵਿੱਚ ਲੱਗੇ ਬੀਐਸਐਫ਼ ਦੇ ਥਰਮਲ ਕੈਮਰੇ ਤੋਂ ਇਸ ਤਸਕਰ ਦਾ ਪਤਾ ਲਗਾਇਆ ਗਿਆ ਅਤੇ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।