ਭਦੌੜ 'ਚ ਭਰਾ ਨੇ ਭਰਾ ਦਾ ਕੀਤਾ ਕਤਲ, ਸਿਰ ’ਚ ਮਾਰੀ ਰਾਡ - ਭਰਾ ਅਤੇ ਭਰਜਾਈ ਵਿਰੁੱਧ ਪਰਚਾ
ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਵਿਖੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਭਰਾ ਅਤੇ ਭਰਜਾਈ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਇਸ ਸਬੰਧੀ ਐਸ.ਐਚ.ਓ ਭਦੌੜ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਫੋਨ ਆਇਆ ਕਿ ਸਟੇਡੀਅਮ ਰੋਡ ਉਤੇ ਘਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਘਟਨਾ ਸਥਾਨ ‘ਤੇ ਜਾ ਕੇ ਦੇਖਿਆ ਤਾਂ ਸੁਖਜਿੰਦਰ ਸਿੰਘ ਨਾਮ ਦਾ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਜਾਂਚ ਦੌਰਾਨ ਪਤਾ ਲੱਗਿਆ ਕਿ ਉਸਦਾ ਆਪਣੇ ਭਰਾ ਹਰਪਾਲ ਸਿੰਘ ਨਾਲ ਲੜਾਈ ਝਗੜਾ ਰਹਿੰਦਾ ਸੀ। ਬੀਤੀ ਰਾਤ ਇਹਨਾਂ ਦੇ ਝਗੜੇ ਦੌਰਾਨ ਸੁਖਜਿੰਦਰ ਦੇ ਉਸਦੇ ਭਰਾ ਨੇ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੇ ਭਰਾ ਅਤੇ ਭਰਜਾਈ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।