ਸਰਹੱਦੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਕੀਤੀ ਨਿਖੇਧੀ
ਗੁਰਦਾਸਪੁਰ: ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ। ਕੇਂਦਰ ਦੇ ਇਸ ਫੈਸਲਾ ਦਾ ਵਿਰੋਧ ਹੋ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਵਧਾਏ ਗਏ ਅਧਾਰ ਖੇਤਰ ਨੂੰ ਲੈ ਕੇ ਸਰਹੱਦੀ ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਿਸਾਨਾਂ ਨੇ ਇਸ ਫ਼ੈਸਲੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਪਹਿਲਾਂ ਬੀਐਸਐਫ ਅਧਾਰ ਖੇਤਰ 15 ਕਿਲੋਮੀਟਰ ਦਾ ਸੀ, ਪਰ ਅਜੇ ਤੱਕ ਕਦੇ ਵੀ ਬਾਰਡਰ ਤੋਂ ਅੱਗੇ ਬੀਐਸਐਫ ਦੇ ਜਵਾਨਾਂ ਦੀ ਜਰੂਰਤ ਨਹੀਂ ਪਈ। ਉਹਨਾਂ ਕਿਹਾ ਕਿ ਦੀਨਾਨਗਰ ਵਿੱਚ ਹੋਏ ਅਤਵਾਦੀ ਹਮਲੇ ਦੌਰਾਨ ਵੀ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਅਪ੍ਰੇਸ਼ਨ ਕਰ ਅੱਤਵਾਦੀਆਂ ਨੂੰ ਮਾਰਿਆ ਗਿਆ ਸੀ। ਉਸ ਸਮੇਂ ਵੀ ਭਾਰਤੀ ਫੌਜ ਦੇ ਜਵਾਨਾਂ ਦੀ ਜਰੂਰਤ ਨਹੀਂ ਪਈ ਸੀ। ਇਸ ਲਈ ਕੇਂਦਰ ਸਰਕਾਰ ਆਪਣੇ ਫਾਇਦੇ ਲਈ ਇਹੋ ਜਿਹੇ ਕਾਨੂੰਨ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ, ਅਤੇ ਪੰਜਾਬ ਵਿੱਚ ਐਮਰਜੈਂਸੀ ਲਗਾਉਣਾ ਚਾਹੁੰਦੀ ਹੈ।