ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਾੜਿਆ ਪੀਐਮ ਮੋਦੀ ਪੁਤਲਾ - ਸਾੜਿਆ ਪੀਐਮ ਮੋਦੀ ਪੁਤਲਾ
ਮੋਗਾ: ਖੇਤੀ ਸੁਧਾਰ ਕਾਨੂੰਨ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਦਿਨ-ਬ-ਦਿਨ ਤਿੱਖਾ ਹੋ ਰਿਹਾ ਹੈ। ਕਿਸਾਨਾਂ ਨੇ ਰੇਲਵੇ ਲਾਈਨਾ, ਟੋਲ ਪਲਾਜ਼ਾ ਸਣੇ ਹੁਣ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਵੀ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਆਗੂ ਤਰਲੋਚਨ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਖੇਤੀ ਬਿਲਾਂ ਦੇ ਵਿਰੋਧ 'ਚ ਪੀਐਮ ਮੋਦੀ ਦਾ ਪੁਤਲਾ ਸਾੜਿਆ ਤੇ ਕੇਂਦਰ ਖਿਲਾਫ ਜਮ ਨਾਅਰੇਬਾਜ਼ੀ ਕਰ ਰੋਸ ਪ੍ਰਗਟਾਇਆ। ਕਿਸਾਨਾਂ ਨੇ ਕਿਹਾ ਕਿ ਲੰਬੇਂ ਸਮੇਂ ਤੋਂ ਧਰਨੇ ਲਾਉਣ ਮਗਰੋਂ ਵੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਲਈ ਬੀਕੇਯੂ ਉਗਰਾਹਾਂ ਵੱਲੋਂ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਕੇ ਸੂਬੇ ਭਰ ਦੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪੱਕੇ ਧਰਨੇ ਲਗਾਏ ਜਾਣਗੇ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਜਿਵੇਂ ਦੁਸਹਿਰੇ 'ਤੇ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ, ਉਂਝ ਇਸ ਵਾਰ 25 ਅਕਤੂਬਰ ਨੂੰ ਕਿਸਾਨਾਂ ਵੱਲੋਂ ਪੀਐਮ ਮੋਦੀ ਤੇ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟ ਮਾਲਕਾਂ ਦੇ ਪੁਤਲੇ ਸਾੜ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾਵੇਗਾ।