ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ: ਸ਼ਵੇਤ ਮਲਿਕ ਨੇ ਕਾਂਗਰਸ ਸਰਕਾਰ 'ਤੇ ਸਾਧੇ ਨਿਸ਼ਾਨੇ - ਅੰਮ੍ਰਿਤਸਰ
ਅੰਮ੍ਰਿਤਸਰ: ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਵਿੱਚ ਅੰਮ੍ਰਿਤਸਰ ਨੂੰ ਸ਼ਾਮਲ ਕਰਨ 'ਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਮੁੜ ਇਸ ਪ੍ਰੋਜੈਕਟ 'ਤੇ ਵਿਚਾਰ ਸ਼ੁਰੂ ਕੀਤਾ ਹੈ। ਪੰਜਾਬ ਸਰਕਾਰ ਕਾਰਨ ਹੀ ਅੰਮ੍ਰਿਤਸਰ ਨੂੰ ਬਾਹਰ ਕਰ ਦਿੱਤਾ ਗਿਆ ਸੀ ਪਰ ਹੁਣ ਅੰਮ੍ਰਿਤਸਰ ਨੂੰ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜਾਣਬੁੱਝ ਕੇ ਅੰਮ੍ਰਿਤਸਰ ਤੋਂ 70 ਕਿਲੋਮੀਟਰ ਦੂਰ ਕਰਤਾਰਪੁਰ ਤੋਂ ਜੰਮੂ ਵੱਲ ਮੋੜਨ ਦੀ ਸਿਫਾਰਸ਼ ਕੀਤੀ ਸੀ ਪਰ ਹੁਣ ਇਹ ਅੰਮ੍ਰਿਤਸਰ ਦੇ ਮਾਨਾਵਾਲਾ ਕਲਾਂ ਤੋਂ ਜੰਮੂ ਕਟੜਾ ਵੱਲ ਜਾਵੇਗਾ। ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿਜੇ ਇੰਦਰ ਸਿੰਗਲਾ ਸਮੇਤ ਸਮੁੱਚੀ ਕਾਂਗਰਸ ਸਰਕਾਰ ਦੀ ਲੀਡਰਸ਼ਿਪ ਚੁੱਪ ਬੈਠੀ ਸੀ, ਇਸ 'ਤੇ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਜਾਂ ਵਿਧਾਇਕ ਨੇ ਆਪਣੀ ਆਵਾਜ਼ ਨਹੀਂ ਉਠਾਈ। ਇਸ ਪ੍ਰੋਜੈਕਟ ਵਿੱਚ ਅੰਮ੍ਰਿਤਸਰ ਦੀ ਸ਼ਮੂਲੀਅਤ ਕਾਰਨ, ਅੰਮ੍ਰਿਤਸਰ-ਦਿੱਲੀ ਦੀ ਦੂਰੀ 8 ਘੰਟੇ ਦੀ ਬਜਾਏ 4 ਘੰਟੇ ਹੋਵੇਗੀ। ਇਸ ਨਾਲ ਅੰਮ੍ਰਿਤਸਰ ਵਿੱਚ ਸੈਰ-ਸਪਾਟਾ ਲਈ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧੇਗੀ।