ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹੋਇਆ ਆਰੰਭ - ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ
ਤਰਨਤਾਰਨ: ਕਸਬਾ ਝਬਾਲ ਦੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜੋੜ ਮੇਲਾ ਆਰੰਭ ਹੋ ਗਿਆ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣਾ ਜੀਵਨ ਸਫ਼ਲ ਕੀਤਾ। ਇਹ ਜੋੜ ਮੇਲਾ 7 ਅਕਤੂਬਰ ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਤਨਾਮ ਸਿੰਘ ਅਤੇ ਹੈੱਡ ਗ੍ਰੰਥੀ ਬਾਬਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਨੇ ਇਸ ਅਸਥਾਨ 'ਤੇ ਬਾਬਾ ਬੁੱਢਾ ਜੀ ਪਾਸੋਂ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਅਰਦਾਸ ਕਰਵਾਈ ਸੀ।