'ਪਹਿਲਾਂ ਲੋਕ ਕੁੱਟ ਖਾਣ ਬਠਿੰਡੇ ਜਾਂਦੇ ਸੀ ਤੇ ਹੁਣ ਪਟਿਆਲੇ' - ਜ਼ਿਮਨੀ ਚੋਣਾਂ ਪੰਜਾਬ
ਮੁਕੇਰੀਆਂ ਦੇ ਵਿਧਾਇਕ ਦੇ ਦੇਹਾਂਤ ਤੋਂ ਬਾਅਦ ਹਲਕੇ ਵਿੱਚ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਚਲਦਿਆਂ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫ਼ੈਸਰ ਜੀ.ਐੱਸ ਮੁਲਤਾਨੀ ਵੱਲੋਂ ਹਲਕੇ ਦੇ ਪਿੰਡ ਮਨਸੂਰਪੁਰ 'ਚ 'ਆਪ' ਵੱਲੋਂ 'ਪੰਜਾਬ ਬੋਲਦਾ' ਮੁਹਿੰਮ ਤਹਿਤ ਇੱਕ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ 'ਤੇ ਜਮ ਕੇ ਨਿਸ਼ਾਨੇ ਸਾਧੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਨਸ਼ਾ, ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਵਿੱਚ ਵਾਧਾ, ਬੇਰੁਜ਼ਗਾਰੀ ਤੇ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਹਨ, ਹੁਣ ਤੱਕ ਕੁਝ ਵੀ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਕੁੱਟ ਖਾਣ ਲਈ ਬਠਿੰਡਾ ਜਾਣਾ ਪੈਂਦਾ ਸੀ ਤੇ ਹੁਣ ਪਟਿਆਲਾ ਜਾਣਾ ਪੈਂਦਾ ਹੈ।