ਲੁਧਿਆਣਾ ਪਹੁੰਚੀ ਬਾਂਦਰਾ ਟਰਮੀਨਲ ਐਕਸਪ੍ਰੈੱਸ, ਲੋਕਾਂ ਨੂੰ ਮਿਲਣਗੀਆਂ ਜ਼ਰੂਰੀ ਵਸਤਾਂ
ਪੰਜਾਬ 'ਚ ਲੱਗੇ ਕਰਫਿਊ ਦੌਰਾਨ ਜਿੱਥੇ ਸਾਰੀਆਂ ਗੱਡੀਆਂ ਬੰਦ ਹਨ ਉੱਥੇ ਹੀ ਅੱਜ ਲੁਧਿਆਣਾ ਸਟੇਸ਼ਨ 'ਤੇ ਬਾਂਦਰਾ ਟਰਮੀਨਲ ਐਕਸਪ੍ਰੈਸ ਆਈ। ਜਾਣਕਾਰੀ ਦਿੰਦਿਆਂ ਸਟੇਸ਼ਨ ਮਾਸਟਰ ਵਿਜੈ ਕੁਮਾਰ ਸੈਣੀ ਨੇ ਦੱਸਿਆ ਕਿ ਕਰਫਿਊ ਦੌਰਾਨ ਲੋਕਾਂ ਦੀ ਮਦਦ ਲਈ ਖਾਣ ਪੀਣ ਸਾਮਾਨ ਲੈ ਬਾਂਦਰਾ ਤੋਂ ਚੱਲੀ ਇਹ ਗੱਡੀ ਅਹਿਮਦਾਬਾਦ, ਜੈਪੁਰ, ਦਿੱਲੀ ਅਤੇ ਅੰਬਾਲਾ ਹੁੰਦੀ ਹੋਈ ਅੱਜ ਲੁਧਿਆਣੇ ਪਹੁੰਚੀ ਹੈ। ਜਾਣਕਾਰੀ ਅਨੁਸਾਰ ਬਾਂਦਰਾ ਟਰਮੀਨਲ ਐਕਸਪ੍ਰੈੱਸ ਟਰੇਨ ਵਿਸ਼ੇਸ਼ ਤੌਰ 'ਤੇ ਚਲਾਈ ਗਈ ਹੈ ਜੋ 1, 3, 6, 8, 11, 13 ਅਪਰੈਲ ਨੂੰ ਬਾਂਦਰਾ ਟਰਮੀਨਲ ਤੋਂ ਚੱਲੇਗੀ ਅਤੇ ਲੁਧਿਆਣਾ 'ਤੇ ਇਸ ਦੀ ਸਮਾਪਤੀ ਹੋਵੇਗੀ ਉੱਥੇ ਹੀ ਜੁਗਿਆਣਾ ਤੋਂ ਵੀ ਇਹ ਗੱਡੀ 3, 5, 8, 10, 13, 15 ਅਪਰੈਲ ਨੂੰ ਚੱਲੇਗੀ। ਹਾਲਾਂਕਿ ਇਹ ਸਿਰਫ਼ ਸਾਮਾਨ ਹੀ ਲੈ ਕੇ ਆਵੇਗੀ ਇਸ ਗੱਡੀ ਵਿੱਚ ਕਿਸੇ ਵੀ ਤਰ੍ਹਾਂ ਦੇ ਯਾਤਰੀ ਨੂੰ ਯਾਤਰਾ ਕਰਨ ਦੀ ਕੋਈ ਵੀ ਮਨਜ਼ੂਰੀ ਨਹੀਂ ਹੋਵੇਗੀ। ਸੈਣੀ ਨੇ ਦੱਸਿਆ ਕਿ ਇਸ ਗੱਡੀ ਦਾ ਆਖਰੀ ਡੱਬਾ ਲੁਧਿਆਣੇ ਲਈ ਰਾਖਵਾਂ ਰੱਖਿਆ ਹੈ।