ਬਲਟਾਣਾ ਵਾਸੀਆਂ ਨੇ ਚੀਨ ਵਿਰੁੱਧ ਕੀਤਾ ਪ੍ਰਦਰਸ਼ਨ
ਜ਼ੀਰਕਪੁਰ: ਭਾਰਤ ਅਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਦੇਸ਼ ਵਾਸੀਆਂ 'ਚ ਕਾਫੀ ਰੋਸ ਹੈ। ਇਸ ਹਿੰਸਕ ਝੜਪ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋਏ ਸਨ, ਇਸ ਨੂੰ ਲੈ ਕੇ ਭਾਰਤੀ ਲੋਕਾਂ ਵੱਲੋਂ ਚੀਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕੜੀ ਤਹਿਤ ਬਲਟਾਣਾ ਵਾਸੀਆਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਵੱਖ-ਵੱਖ ਵਾਰਡਾਂ ਦੇ ਕੌਂਸਲਰ ਸ਼ਾਮਲ ਹੋਏ। ਇਸ ਮੌਕੇ ਵਾਰਡ ਨੰਬਰ ਛੇ ਦੇ ਕੌਂਸਲਰ ਭੁਪਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੀਨ ਸਾਰੇ ਹੀ ਦੇਸ਼ਾਂ ਦਾ ਦੁਸ਼ਮਣ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਭਾਰਤ ਹਮੇਸ਼ਾਂ ਤੋਂ ਹੀ ਚੀਨ ਦੀਆਂ ਗ਼ਲਤ ਨੀਤੀਆਂ ਦਾ ਵਿਰੋਧ ਕਰਦਾ ਰਿਹਾ ਹੈ। ਭੁਪਿੰਦਰ ਸਿੰਘ ਨੇ ਆਖਿਆ ਕਿ ਚੀਨ, ਪਾਕਿਸਤਾਨ ਨੂੰ ਅੱਤਵਾਦ ਲਈ ਫੰਡਿੰਗ ਕਰਨ 'ਚ ਮਦਦ ਕਰਦਾ ਹੈ। ਇਸ ਲਈ ਸਾਨੂੰ ਸਭ ਨੂੰ ਚਾਈਨੀਜ਼ ਸਮਾਨ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਚੀਨ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਕੇ ਸਬਕ ਸਿਖਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਬਲਟਾਣਾ ਵਾਸੀ ਮੁਕੰਮਲ ਤੌਰ 'ਤੇ ਚਾਈਨੀਜ਼ ਸਮਾਨ ਦਾ ਬਾਇਕਾਟ ਕਰਦੇ ਹਨ।