ਡੀਐੱਸਪੀ ਸੇਖੋਂ ਮਾਮਲਾ : ਬੈਂਸ ਨੇ ਕਿਹਾ ਸਸਪੈਂਡ ਨਹੀਂ ਕਰਨਾ ਚਾਹੀਦਾ ਸੀ, ਜਾਂਚ ਹੋਣੀ ਚਾਹੀਦੀ ਸੀ - simarjit singh bains
ਲੁਧਿਆਣਾ ਕਾਰਪੋਰੇਸ਼ਨ ਵਿੱਚ ਡੀਐੱਸਪੀ ਤਾਇਨਾਤ ਰਹਿ ਚੁੱਕੇ ਬਲਵਿੰਦਰ ਸਿੰਘ ਸੇਖੋਂ ਨੂੰ ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਸਸਪੈਂਡ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਡੀਐੱਸਪੀ ਸੇਖੋਂ ਨੂੰ ਸਸਪੈਂਡ ਕੀਤੇ ਜਾਣ ਤੋਂ ਬਾਅਦ ਸਿਮਰਜੀਤ ਬੈਂਸ ਅਤੇ ਭਾਰਤ ਭੂਸ਼ਣ ਆਸ਼ੂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੂਜੇ ਪਾਸੇ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਡੀਐੱਸਪੀ ਸੇਖੋਂ ਨੇ ਉਨ੍ਹਾਂ ਉੱਤੇ ਜੋ ਇਲਜ਼ਾਮ ਲਾਏ ਸਨ ਉਨ੍ਹਾਂ ਦੀ ਤਫ਼ਤੀਸ਼ ਹੋਣੀ ਚਾਹੀਦੀ ਸੀ ਅਤੇ ਜੇ ਇਲਜ਼ਾਮ ਸਹੀ ਸਾਬਤ ਹੁੰਦੇ ਤਾਂ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ, ਨਹੀਂ ਤਾਂ ਡੀਐੱਸਪੀ ਸੇਖੋਂ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸੇਖੋਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਸੀ ਸਗੋਂ ਮਾਮਲੇ ਦੀ ਤਫ਼ਤੀਸ਼ ਹੋਣੀ ਚਾਹੀਦੀ ਸੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਕਾਂਗਰਸ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ। ਪਰ ਕੁੱਝ ਲੋਕ ਜਾਂ ਕੁੱਝ ਅਫ਼ਸਰ ਇਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਜਿੰਨ੍ਹਾਂ ਨਾਲ ਨਜਿੱਠਣਾ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਡੀਐੱਸਪੀ ਸੇਖੋਂ ਉੱਤੇ ਜੋ ਵੀ ਕਾਰਵਾਈ ਹੋਈ ਉਹ ਪ੍ਰਸ਼ਾਸਨ ਦੇ ਮੁਤਾਬਕ ਹੋਈ ਹੈ ਇਸ ਵਿਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਭਾਰਤ ਭੂਸ਼ਣ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕੁਝ ਵੀ ਗਲਤ ਕੀਤਾ ਹੋਵੇਗਾ ਤਾਂ ਇਸ ਦਾ ਖਾਮਿਆਜ਼ਾ ਉਨ੍ਹਾਂ ਨੂੰ 2022 ਦੀਆਂ ਚੋਣਾਂ ਦੇ ਵਿੱਚ ਆਪਣੇ ਆਪ ਹੀ ਭੁਗਤਨਾ ਪੈ ਜਾਵੇਗਾ।