ਦੋਰਾਹਾ 'ਚ ਬੇਅਦਬੀ ਦੀ ਕੋਸ਼ਿਸ਼, ਦੋਸ਼ੀ ਮੌਕੇ 'ਤੇ ਕਾਬੂ - ਮਾਮਲੇ ਦੀ ਡੂੰਘਾਈ ਤੱਕ ਜਾਂਚ
ਸ੍ਰੀ ਫਤਿਹਗੜ੍ਹ ਸਾਹਿਬ: ਖੰਨਾ ਦੇ ਪਿੰਡ ਦੋਰਾਹਾ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬੇਅਦਬੀ ਕਰਨ ਪੁੱਜੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਹ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਗਿਆ ਅਤੇ ਜਦੋਂ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਚਾਰੇ ਪਾਸੇ ਲੱਗੇ ਸ਼ੀਸ਼ੇ ਉੱਪਰ ਹੱਥ ਮਾਰਨ ਲੱਗਾ ਤਾਂ ਉੱਥੇ ਮੌਜੂਦ ਪਾਠੀ ਤੇ ਹੋਰਨਾਂ ਲੋਕਾਂ ਨੇ ਵਿਅਕਤੀ ਨੂੰ ਫੜ੍ਹ ਕੇ ਖੂਬ ਕੁਟਾਪਾ ਚਾੜ੍ਹਿਆ। ਇਸ ਮਗਰੋਂ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਰੋਸ ਵਜੋਂ ਥਾਣਾ ਦੋਰਾਹਾ ਦਾ ਘਿਰਾਓ ਕੀਤਾ। ਲੋਕ ਇਨਸਾਫ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਸਾਜਿਸ਼ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ।