ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਕੀਤਾ ਰੋਸ ਪ੍ਰਦਰਸ਼ਨ - corona virus
ਸ੍ਰੀ ਫਤਿਹਗੜ੍ਹ ਸਾਹਿਬ: ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਡਾ. ਜਗਦੀਸ਼ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਕੁਲਦੀਪ ਸਿੰਘ ਐਸ.ਐੱਮ.ਓ. ਸਿਵਲ ਹਸਪਤਾਲ ਨੂੰ ਦਿੱਤਾ ਗਿਆ। ਯੂਨੀਅਨ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਆਸ਼ਾ ਵਰਕਰਾਂ ਤੇ ਆਸ਼ਾ ਫੈਸਲੀਟੇਟਰਾ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ 'ਤੇ ਡਿਊਟੀ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ 'ਤੇ ਕੰਟਰੋਲ ਲਈ ਇੱਕ ਐਪ ਜਾਰੀ ਕੀਤੀ ਗਈ ਹੈ ਜਿਸ ਨੂੰ ਹਰੇਕ ਵਿਅਕਤੀ ਦੇ ਮੋਬਾਇਲ ਵਿੱਚ ਡਾਊਨਲੋਡ ਕਰਵਾਉਣ ਬਦਲੇ ਆਸ਼ਾ ਵਰਕਰਾਂ ਨੂੰ ਕੇਵਲ 4 ਰੁਪਏ ਦਿੱਤੇ ਜਾਂਦੇ ਹਨ ਜੋਕਿ ਆਸ਼ਾ ਵਰਕਰਾਂ ਨਾਲ ਧੱਕਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਆਸ਼ਾ ਵਰਕਰ ਗਰੀਬ ਘਰਾਂ ਨਾਲ ਸਬੰਧਤ ਹੋਣ ਕਰਕੇ ਸਮਾਰਟ ਫੋਨ ਲੈਣ ਵਿੱਚ ਅਸਮਰਥ ਹਨ, ਇਸ ਲਈ ਆਸ਼ਾ ਵਰਕਰਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਇੰਨਸੈਂਟਿਵ 4 ਹਜਾਰ ਰੁਪਏ, ਫੈਸਲੀਟੇਟਰਾ ਨੂੰ ਡੇਲੀਵੇਜ ਭੱਤਾ ਦਿੱਤਾ ਜਾਵੇ ਅਤੇ ਡੇਲੀਵੇਜ ਕਾਮੇ ਐਲਾਨਿਆ ਜਾਵੇ, ਇਸ ਦੇ ਨਾਲ ਹੀ ਆਸ਼ਾ ਵਰਕਰਾਂ ਨੂੰ ਟੈਬਲੈਟ-ਸਮਾਰਟਫੋਨ ਦਿੱਤੇ ਜਾਣ ਤਾਂ ਜੋ ਆਨ ਲਾਈਨ ਕੰਮ ਵਿੱਚ ਮੁਸ਼ਕਿਲ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਹੋਰ ਸੰਘਰਸ਼ ਕਰਨਗੇ।