ਧੂਰੀ 'ਚ ਇਨਕਮ ਟੈਕਸ ਦੀ ਰੇਡ 'ਤੇ ਭੜਕੇ ਆੜ੍ਹਤੀਏ, ਅਨਾਜ ਮੰਡੀਆਂ ਬੰਦ ਰੱਖਣ ਦਾ ਕੀਤਾ ਐਲਾਨ - 22 ਤੋਂ 25 ਦਸੰਬਰ ਤੱਕ ਅਨਾਜ ਮੰਡੀਆਂ ਬੰਦ
ਸੰਗਰੂਰ:ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡੇ ਪੱਧਰ 'ਤੇ ਦਿੱਲੀ 'ਚ ਕਿਸਾਨ ਅੰਦੋਲਨ ਜਾਰੀ ਹੈ। ਜਿਥੇ ਇੱਕ ਪਾਸੇ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ ਦੂਜੇ ਪਾਸੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਇਨਕਮ ਟੈਕਸ ਵਿਭਾਗ ਵੱਲੋਂ ਆੜ੍ਹਤੀਆਂ ਦੇ ਘਰ ਰੇਡ ਕੀਤੀ ਜਾ ਰਹੀ ਹੈ।ਇਨਕਮ ਟੈਕਸ ਦੀ ਰੇਡ 'ਤੇ ਭੜਕੇ ਆੜ੍ਹਤੀਆਂ ਨੇ ਧੂਰੀ ਵਿਖੇ ਵਿਸ਼ੇਸ਼ ਬੈਠਕ ਕੀਤੀ। ਇਸ ਦੌਰਾਨ ਆੜ੍ਹਤ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਆੜ੍ਹਤੀ ਵਰਗ ਕਿਸਾਨ ਅੰਦੋਲਨ ਦਾ ਸਮਰਥਕ ਹੈ। ਇਸ ਲਈ ਹੁਣ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਰੋਕਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ।ਇਸ ਲਈ ਉਹ ਪੰਜਾਬ ਦੇ ਆੜ੍ਹਤੀਆਂ 'ਤੇ ਇਨਕਮ ਟੈਕਸ ਦੀ ਰੇਡ ਕਰਵਾ ਕੇ ਡਰਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆੜ੍ਹਤੀਏ ਮੋਦੀ ਸਰਕਾਰ ਦੀਆਂ ਇਨ੍ਹਾਂ ਚਾਲਾਂ ਤੋਂ ਡਰਨ ਵਾਲੇ ਨਹੀਂ ਹਨ, ਸਗੋਂ ਹੁਣ ਅੰਦੋਲਨ ਦਿਨ-ਬ-ਦਿਨ ਹੋਰ ਤਿੱਖਾ ਹੋਵੇਗਾ। ਆੜ੍ਹਤੀਆਂ ਨੇ ਕਿਹਾ ਕਿ ਜੋ ਕੋਈ ਵੀ ਅਧਿਕਾਰੀ ਰੇਡ ਕਰਨ ਆਏਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ।ਅਸੀਂ ਕਿਸਾਨ ਜਥੇਬੰਦੀਆਂ ਦੇ ਹੁਕਮਾਂ ਮੁਤਾਬਕ ਇਹ ਸੰਘਰਸ਼ ਜਾਰੀ ਰੱਖਾਂਗੇ। ਆੜ੍ਹਤੀਆਂ ਨੇ 22 ਤੋਂ 25 ਦਸੰਬਰ ਤੱਕ ਅਨਾਜ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ।