ਅੰਮ੍ਰਿਤਸਰ: ਅਕਾਲੀ ਆਗੂਆਂ ਵੱਲੋਂ ਸੁਲਤਾਨਵਿੰਡ ਇਲਾਕੇ ਨੂੰ ਕਵਾਇਆ ਗਿਆ ਸੈਨੇਟਾਈਜ਼ - ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧਾ
ਅੰਮ੍ਰਿਤਸਰ: ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸੂਬੇ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 1700 ਤੋਂ ਪਾਰ ਹੋ ਗਈ ਹੈ। ਇਸ ਮੌਕੇ ਅਕਾਲੀ ਆਗੂਆਂ ਤਲਬੀਰ ਸਿੰਘ ਗਿੱਲ ਤੇ ਬਿਕਰਮ ਜੀਤ ਸਿੰਘ ਵੱਲੋਂ ਜ਼ਿਲ੍ਹੇ ਸੁਲਤਾਨਵਿੰਡ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ ਗਿਆ। ਇਸ ਦੌਰਾਨ ਇਲਾਕੇ ਦੀਆਂ ਦੁਕਾਨਾਂ, ਘਰਾਂ ਦੇ ਬਾਹਰ, ਸੜਕਾਂ ਆਦਿ ਨੂੰ ਸੈਨੇਟਾਈਜ਼ ਕੀਤਾ ਗਿਆ। ਦੋਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਵੇਖਦੇ ਹੋਏ ਅਜਿਹਾ ਕਰਵਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਦੀ ਚਪੇਟ 'ਚ ਆਉਣ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਵੀ ਇਸ ਇਲਾਕੇ ਦੇ ਵਸਨੀਕ ਸਨ ਤੇ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੀ ਮੌਤ ਹੋਈ ਸੀ। ਅਕਾਲੀ ਆਗੂਆਂ ਨੇ ਕਾਂਗਰਸੀ ਨੇਤਾਵਾਂ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਾਂਗਰਸੀ ਲੀਡਰ ਘਰ ਬੈਠੇ ਹਨ ਜਦਕਿ ਅਕਾਲੀ ਨੇਤਾ ਇਸ ਸਮੇਂ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ 'ਚ ਜੁਟੇ ਹਨ।