"ਚੋਣ ਕਮਿਸ਼ਨ ਦੀ ਟੀਮ ਧੱਕੇ ਨਾਲ ਖ਼ੁਦ ਪਾ ਰਹੀ ਬਜ਼ੁਰਗਾਂ ਦੀ ਵੋਟ"
ਬਰਨਾਲਾ: ਚੋਣ ਕਮਿਸ਼ਨਰ ਵਲੋਂ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਵਿਧਾਨ ਸਭਾ ਚੋਣਾਂ (Punjab Vidhan sabha Election) ਵਿੱਚ ਰਾਹਤ ਦੇਣ ਲਈ ਬੈਲਟ ਪੇਪਰ ’ਤੇ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਦਿੱਤੀ ਹੈ ਜਿਸ ਦੀ ਮਹਿਲ ਕਲਾਂ ਤੋਂ ਸ਼ੁਰੂਆਤ ਹੋਈ, ਪਰ ਪਿੰਡ ਚੀਮਾ ਵਿੱਚ ਚੋਣ ਕਮਿਸ਼ਨ ਦੀ ਇਸ ਵੋਟਿੰਗ ’ਤੇ ਸਵਾਲ ਉਠੇ ਹਨ। ਪਿੰਡ ਦੇ ਇੱਕ ਬਜ਼ੁਰਗ ਨੇ ਵੋਟਿੰਗ ਕਰਵਾਉਣ ਆਈ ਟੀਮ ’ਤੇ ਧੱਕੇ ਨਾਲ ਖ਼ੁਦ ਵੋਟ ਪਾਉਣ ਦੇ ਦੋਸ਼ ਲਗਾਏ ਹਨ। ਇਸ ਦੇ ਰੋਸ ਵਿੱਚ ਕਿਸਾਨ ਜੱਥੇਬੰਦੀਆਂ ਬੀਕੇਯੂ ਡਕੌਂਦਾ ਅਤੇ ਉਗਰਾਹਾਂ ਦੇ ਆਗੂਆਂ ਅਤੇ ਪਿੰਡ ਦੇ ਲੋਕਾਂ ਨੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪਿੰਡ ਦੇ ਬਜ਼ੁਰਗ ਸਾਧੂ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਘਰ ਵਿੱਚ ਇਕੱਲਾ ਸੀ ਜਿਸ ਦੌਰਾਨ ਵੋਟਾਂ ਵਾਲੀ ਟੀਮ ਦੇ ਛੇ ਤੋਂ ਸੱਤ ਜਣੇ ਆਏ ਅਤੇ ਉਸ ਤੋਂ ਇੱਕ ਕਾਗਜ਼ ’ਤੇ ਅੰਗੂਠਾ ਲਗਵਾਇਆ ਅਤੇ ਉਸ ਦੀ ਵੋਟ ਅਧਿਕਾਰੀਆਂ ਨੇ ਖ਼ੁਦ ਹੀ ਪਾ ਲਈ। ਉਸ ਨੂੰ ਖ਼ੁਦ ਨੂੰ ਨਹੀਂ ਪਤਾ ਕਿ ਉਸ ਦੀ ਵੋਟ ਕਿਸਨੂੰ ਪਈ ਹੈ। ਇਸ ਸਬੰਧੀ ਵੋਟਿੰਗ ਕਰਵਾਉਣ ਆਈ ਚੋਣ ਕਮਿਸ਼ਨ ਟੀਮ ਦੇ ਸੁਪਰਵਾਈਜ਼ਰ ਗੁਰਦੀਪ ਸਿੰਘ ਨੇ ਕਿਹਾ ਕਿ ਘਰ ਤੋਂ ਵੋਟ ਪਵਾਉਣ ਲਈ ਬਾਕਾਇਦਾ ਚੋਣ ਕਮਿਸ਼ਨ ਨੇ ਪਹਿਲਾਂ ਫ਼ਾਰਮ ਭਰਵਾਏ ਸਨ। ਪਿੰਡ ਚੀਮਾ ਵਿੱਚ ਜੇਕਰ ਗ਼ਲਤ ਵੋਟ ਪਈ ਹੈ,ਤਾਂ ਵੋਟਰ ਇਸ ਦੀ ਲਿਖ਼ਤੀ ਸ਼ਿਕਾਇਤ ਏਡੀਸੀ ਬਰਨਾਲਾ ਨੂੰ ਦੇ ਸਕਦਾ ਹੈ। ਉਧਰ ਇਸ ਸਬੰਧੀ ਏਡੀਸੀ (ਜ) ਬਰਨਾਲਾ ਨੇ ਵਾਰ ਵਾਰ ਫ਼ੋਨ ਕਰਨ ’ਤੇ ਫ਼ੋਨ ਚੁੱਕਣਾ ਮੁਨਾਸਿਫ਼ ਨਹੀਂ ਸਮਝਿਆ।