ਕਾਂਗਰਸ ਪੰਜਾਬ ਵਿੱਚ ਸਿੱਖਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਦੀ ਆਈ: ਬਿਕਰਮ ਮਜੀਠੀਆ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅਕਾਲੀ ਦਲ ਨੇ ਡੀਜੀਪੀ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਮੌਕੋ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਅਜ਼ਾਦੀ ਤੋਂ ਪਹਿਲਾਂ ਹੀ ਸਿੱਖਾਂ ਦੇ ਵਿਰੋਧ ਵਿੱਚ ਰਹੀ ਹੈ। ਇਸ ਦਾ ਨਤੀਜਾ ਵੰਡ ਵੇਲੇ ਵੀ ਵੇਖਿਆ ਗਿਆ ਸੀ, ਤੇ 1984 ਵੇਲੇ ਵੀ ਵੇਖਣ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਜੇ 47 ਦੀ ਵੰਡ ਵੇਲੇ ਜਵਾਹਰ ਲਾਲ ਨਹਿਰੂ ਚਾਹੁੰਦੇ ਤਾਂ ਕਰਤਾਰਪੁਰ ਸਾਹਿਬ ਭਾਰਤ ਦੇ ਹਿੱਸੇ ਆਉਂਦਾ, ਪਰ ਉਨ੍ਹਾਂ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਤੇ ਮਰਹੂਮ ਰਾਜੀਵ ਗਾਂਧੀ ਬਾਰੇ ਬੋਲਦਿਆਂ ਕਿਹਾ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਦੀ ਹਾਈਕਮਾਨ ਜ਼ਿੰਮੇਵਾਰ ਸੀ, ਫਿਰ ਵੀ ਪੰਜਾਬ ਕਾਂਗਰਸ ਚੁੱਪੀ ਸਾਧ ਕੇ ਬੈਠੀ ਰਹੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀਆਂ ਸਿੱਖ ਵਿਰੋਧੀ ਨਿਤਿਆਂ ਦਾ ਨਤੀਜਾ ਹੈ। ਡੀਜੀਪੀ ਬਾਰੇ ਬੋਲਦਿਆਂ ਕਿਹਾ ਕਿ ਡੀਜੀਪੀ ਨੇ ਤਾਂ ਆਪਣੇ ਬਿਆਨ ਲਈ ਮੁਆਫ਼ੀ ਮੰਗ ਲਈ ਪਰ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਉਸ ਬਿਆਨ ਨੂੰ ਸਹੀ ਠਹਿਰਾ ਕੇ ਗ਼ਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ।