ਮਹੇਸ਼ਇੰਦਰ ਗਰੇਵਾਲ ਨੇ ਡੀਜੀਪੀ 'ਤੇ ਸਾਧਿਆ ਨਿਸ਼ਾਨਾ, ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਵੀ ਦਿਨਕਰ ਗੁਪਤਾ ਦੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਦਿਨਕਰ ਗੁਪਤਾ 'ਤੇ ਸਿੱਖ ਸ਼ਰਧਾਲੂਆਂ 'ਤੇ ਸਵਾਲ ਖੜ੍ਹੇ ਕਰਨ ਦੇ ਇਲਜ਼ਾਮ ਲਗਾਏ ਹਨ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦਾ ਇਹ ਬਿਆਨ ਮੰਦਭਾਗਾ ਹੈ, ਕਿ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਲੇ ਸਿੱਖ ਸ਼ਰਧਾਲੂ ਉੱਥੇ ਜਾ ਕੇ ਦਹਿਸ਼ਤਗਰਦ ਬਣਨ ਦੀ ਸਿਖਲਾਈ ਲੈ ਕੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਮਹਿਜ਼ 6 ਘੰਟਿਆਂ ਲਈ ਹੀ ਸ਼ਰਧਾਲੂ ਇੱਥੇ ਨਤਮਸਤਕ ਹੋਣ ਜਾਂਦੇ ਹਨ। ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨਾਂ 'ਚ ਹੋਣ ਵਾਲੇ ਧਾਰਮਿਕ ਸਮਾਗਮਾਂ 'ਚ ਵੱਡੀ ਤਾਦਾਦ 'ਚ ਸਿੱਖ ਸ਼ਰਧਾਲੂ ਸ਼ੁਰੂ ਤੋਂ ਹੀ ਹਿੱਸਾ ਲੈਣ ਜਾਂਦੇ ਰਹੇ ਨੇ ਅਤੇ ਕਈ ਵਾਰ ਉੱਥੇ 10-10 ਦਿਨ ਤੱਕ ਵੀ ਰੁਕਦੇ ਨੇ ਜੇਕਰ ਸਿੱਖ ਸ਼ਰਧਾਲੂ 6 ਘੰਟਿਆਂ ਦੇ ਵਿੱਚ ਦਹਿਸ਼ਤਗਰਦ ਬਣਨ ਦੀ ਸਿਖ਼ਲਾਈ ਲੈ ਸਕਦੇ ਹਨ ਤਾਂ 10 ਦਿਨ 'ਚ ਤਾਂ ਉਹ ਕੀ ਬਣ ਕੇ ਆਉਂਦੇ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਉਨ੍ਹਾਂ ਨੂੰ ਦਖ਼ਲ ਦੇਣਾ ਨਹੀਂ ਚਾਹੀਦਾ।