ਸਕਾਲਰਸ਼ਿੱਪ ਘਪਲੇ ਨੂੰ ਲੈ ਕੇ ਅਕਾਲੀ ਦਲ ਨਾਭਾ 'ਚ 2 ਨਵੰਬਰ ਨੂੰ ਦਵੇਗਾ ਧਰਨਾ - Akali Dal
ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਹੋਏ ਕਥਿਤ ਸਕਾਲਰਸ਼ਿੱਪ ਘੋਟਾਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਨੇ ਅਮਲੋਹ ਦਫ਼ਤਰ ਵਿੱਚ ਐਸ.ਸੀ ਵਿੰਗ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ 2 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਭਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਦਾ ਐਲਾਨ ਕੀਤਾ। ਇਹ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦਿੱਤਾ ਜਾਵੇਗਾ। ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਜੋ ਪੰਜਾਬ ਵਿੱਚ ਐਸ.ਸੀ ਭਾਈਚਾਰੇ ਦੀ ਪੜਾਈ ਲਈ ਸਕਾਲਰਸ਼ਿੱਪ ਆਈ ਸੀ ਉਸ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਕਾਲਰਸ਼ਿੱਪ ਦੇ ਵੱਡਾ ਘਪਲਾ ਕੀਤਾ ਗਿਆ।