ਮਿੱਠੂ ਮਦਾਨ ਵੱਲੋਂ ਕੁੱਟਮਾਰ ਮਾਮਲੇ 'ਚ ਪੀੜਤ ਪਰਿਵਾਰ ਨੂੰ ਇਨਸਾਫ ਦਵਾਏਗਾ ਅਕਾਲੀ ਦਲ - ਵਿਰਸਾ ਸਿੰਘ ਵਲਟੋਹਾ
ਅੰਮ੍ਰਿਤਸਰ:ਬੀਤੇ ਕੁੱਝ ਦਿਨਾਂ 'ਚ ਕਾਂਗਰਸੀ ਕੌਂਸਲਰ ਮਿੱਠੂ ਮਦਾਨ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਕੁੱਟਮਾਰ ਦਾ ਮੁੱਖ ਕਾਰਨ ਦੋਹਾਂ ਧਿਰਾਂ ਵਿਚਾਲੇ ਪੈਸਿਆਂ ਦਾ ਲੈਣ-ਦੇਣ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਵਿਰਸਾ ਸਿੰਘ ਵਲਟੋਹਾ ਨੇ ਨਵਜੋਤ ਸਿੰਘ ਸਿੱਧੂ ਸਣੇ ਪੰਜਾਬ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਿੱਠੂ ਮਦਾਨ ਨੂੰ ਕਾਂਗਰਸੀਆਂ ਦੀ ਸ਼ੈਅ ਪ੍ਰਦਾਨ ਹੈ ਤੇ ਉਹ ਨਵਜੋਤ ਸਿੰਘ ਸਿੱਧੂ ਦਾ ਖ਼ਾਸ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਮਿੱਠੂ ਮਦਾਨ 'ਤੇ ਪਹਿਲਾਂ ਹੀ ਅੰਮ੍ਰਿਤਸਰ ਰੇਲ ਹਾਦਸੇ ਦੀ ਘਟਨਾ ਦੌਰਾਨ 70 ਲੋਕਾਂ ਦੀ ਮੌਤ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹੱਥ 'ਚ ਲੈਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਸਿੱਧੂ ਪਰਿਵਾਰ ਦੀ ਸ਼ੈਅ 'ਤੇ ਇਹ ਵਿਅਕਤੀ ਗੁੰਡਾਗਰਦੀ ਕਰ ਰਿਹਾ ਹੈ। ਵਲਟੋਹਾ ਨੇ ਕਿਹਾ ਕਿ ਅਕਾਲੀ ਦਲ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਏਗਾ।