ਬਿਜਲੀ ਦੀ ਚਿੰਗਾਰੀ ਕਾਰਨ ਘਰ 'ਚ ਲੱਗੀ ਅੱਗ, ਸੜਕ 'ਤੇ ਆਇਆ ਗਰੀਬ ਪਰਿਵਾਰ
ਫਿਰੋਜ਼ਪੁਰ: ਜ਼ਿਲ੍ਹੇ ਦੇ ਬਸਤੀ ਕੀਮੇਵਾਲੀ ਵਿਖੇ ਬਿਜਲੀ ਦੀ ਚਿੰਗਾਰੀ ਦੇ ਕਾਰਨ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਬਾਰੇ ਜਾਣਕਾਰੀ ਦਿੰਦੇ ਪੀੜਤ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦਾ ਹੈ। ਉਸ ਕੋਲ ਰਹਿਣ ਲਈ ਆਪਣੀ ਜ਼ਮੀਨ ਜਾਂ ਘਰ ਵੀ ਨਹੀਂ ਹੈ। ਪਿੰਡ ਵਾਸੀਆਂ ਨੇ ਉਨ੍ਹਾਂ ਰਹਿਣ ਲਈ ਸਰਕਾਰੀ ਥਾਂ ਦਿੱਤੀ ਹੈ। ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਰਜੀਤ ਸਿੰਘ ਕੰਮ ਕਰਨ ਲਈ ਘਰ ਤੋਂ ਬਾਹਰ ਗਿਆ ਸੀ। ਇਸ ਦੌਰਾਨ ਘਰ 'ਚ ਉਸ ਨਾਲ ਉਸ ਦੀ ਪਤਨੀ ਤੇ ਨੂੰਹ ਮੌਜੂਦ ਸਨ। ਉਹ ਆਪਣੇ ਕਮਰੇ 'ਚ ਸੁੱਤੇ ਪਏ ਸਨ ਅਚਾਨਕ ਬਿਜਲੀ ਦੀਆਂ ਤਾਰਾਂ ਜੁੜਨ ਨਾਲ ਬਿਜਲੀ ਦੀ ਚਿੰਗਾਰੀ ਨਾਲ ਘਰ 'ਚ ਅੱਗ ਲੱਗ ਗਈ। ਅੱਗ ਇਨ੍ਹੀਂ ਕੁ ਭਿਆਨਕ ਸੀ ਕਿ ਉਹ ਮਸਾਂ ਜਾਨ ਬਚਾ ਕੇ ਘਰੋਂ ਬਾਹਰ ਭੱਜੇ, ਪਰ ਘਰ ਦੇ ਅੰਦਰ ਪਿਆ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਪਰਿਵਾਰ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ ਤਾਂ ਉਹ ਆਪਣਾ ਗੁਜ਼ਾਰਾ ਚਲਾ ਸਕਣ।