ਪਟਿਆਲਾ 'ਚ ਸੜਕ ਕਿਨਾਰੇ ਮਿਲਿਆਂ 700 ਮ੍ਰਿਤਕ ਮੁਰਗੀਆਂ, ਲੋਕਾਂ 'ਚ ਬਰਡ ਫਲੂ ਦਾ ਡਰ - ਜੰਗਲਾਤ ਵਿਭਾਗ
ਪਟਿਆਲਾ:ਜ਼ਿਲ੍ਹੇ ਦੇ ਪਿੰਡ ਰੱਖੜਾ ਵਿਖੇ ਸੜਕ ਦੇ ਕਿਨਾਰੇ 700 ਮੁਰਗੀਆਂ ਮ੍ਰਿਤਕ ਪਾਈਆਂ ਗਈਆਂ। ਜਿਸ ਦੇ ਚਲਦੇ ਪਿੰਡ ਦੇ ਨੇੜਲੇ ਇਲਾਕਿਆਂ 'ਚ ਬਰਡ ਫਲੂ ਦੇ ਡਰ ਕਾਰਨ ਲੋਕਾਂ ਵਿਚਾਲੇ ਹੜਕੰਪ ਮੱਚ ਗਿਆ। ਸੂਚਨਾ ਮਿਲਣ 'ਤੇ ਵੈਟਰਨਰੀ ਡਿਪਾਰਟਮੈਂਟ ਦੀ ਟੀਮ ਮੌਕੇ ਤੇ ਪਹੁੰਚੀ। ਉਨ੍ਹਾਂ ਵੱਲੋਂ ਮ੍ਰਿਤਕ ਮੁਰਗੀਆਂ ਦੇ ਸੈਂਪਲ ਲੈਣ ਮਗਰੋਂ ਉਨ੍ਹਾਂ ਨੂੰ ਦਫਨਾ ਦਿੱਤਾ ਗਿਆ। ਇਸ ਬਾਰੇ ਦੱਸਦੇ ਹੋਏ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਰਾਜਿੰਦਰ ਗੋਇਲ ਨੇ ਦੱਸਿਆ ਕਿ ਮ੍ਰਿਤਕ ਮੁਰਗੀਆਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪਿੰਡ ਦੇ ਨੇੜੇ ਕਈ ਪੋਲਟਰੀ ਫਾਰਮ ਹਨ ਤੇ ਇਨ੍ਹਾਂ ਪੋਲਟਰੀ ਫਾਰਮਸ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ 24 ਸੈਂਪਲ ਬਰਡ ਫਲੂ ਦੀ ਜਾਂਚ ਲਈ ਜਲੰਧਰ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਲੋਕਾਂ ਨੂੰ ਬਰਡ ਫਲੂ ਤੋਂ ਡਰਨ ਦੀ ਬਜਾਏ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕਹੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਆਲੇ-ਦੁਆਲੇ ਬਿਮਾਰ ਪੰਛੀ ਵੇਖਦੇ ਹਨ ਤਾਂ ਜੰਗਲਾਤ ਵਿਭਾਗ ਜਾਂ ਪਸ਼ੂ ਵਿਭਾਗ ਨੂੰ ਸੂਚਨਾ ਦੇਣ।