6ਵੇਂ ਸਲਾਨਾ ਗਤਕਾ ਕੱਪ ਮੁਕਾਬਲੇ ਦਾ ਆਗਾਜ਼, ਪੰਜਾਬ ਦੀਆਂ ਨਾਮੀ ਗਤਕਾ ਟੀਮਾਂ ਨੇ ਲਿਆ ਹਿੱਸਾ
ਫ਼ਰੀਦਕੋਟ ਵਿੱਚ ਚੱਲ ਰਹੇ ਸਲਾਨਾ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਚੌਥੇ ਦਿਨ ਵੱਖ-ਵੱਖ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਗਤਕਾ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਸਲਾਨਾ ਕਰਵਾਏ ਜਾਂਦੇ ਬਾਬਾ ਫ਼ਰੀਦ ਗਤਕਾ ਕੱਪ ਦਾ ਐਤਵਾਰ ਨੂੰ ਆਗਾਜ਼ ਹੋਇਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਖ਼ਾਲਸਾਈ ਖੇਡ ਨੂੰ ਵੇਖਣ ਵਿੱਚ ਆਪਣੀ ਰੂਚੀ ਵਿਖਾਈ। ਇਸ ਮੌਕੇ ਮੁੰਡੇ ਅਤੇ ਕੁੜੀਆਂ ਆਪਣੇ ਗਤਕੇ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਗਤਕਾ ਐਸੋਸੀਏਸ਼ਨ ਦੇ ਮੈਂਬਰ ਅਤੇ ਟਿੱਲਾ ਬਾਬਾ ਫ਼ਰੀਦ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਿੱਖ ਕੌਮ 2 ਯੁੱਧ ਕਲਾਵਾਂ ਨੂੰ ਨਿਖਾਰਨ ਲਈ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਖੇਡ ਗਤਕਾ ਦੇ ਇਥੇ ਹਰ ਸਾਲ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਆਪਣੇ ਪਿਛੋਕੜ ਨੂੰ ਭੁਲਦੀ ਜਾ ਰਹੀ ਨੌਜਵਾਨ ਪੀੜ੍ਹੀ ਇਸ ਨਾਲ ਜੁੜ ਸਕੇ। ਇਸ ਖਾਸ ਮੌਕੇ ਕੁੜੀਆਂ ਨੇ ਵੀ ਆਪਣੀ ਖੇਡ ਦਾ ਪ੍ਰਦਸ਼ਨ ਕੀਤਾ। ਸੰਸਥਾ ਦੇ ਜਨਰਲ ਸਕੱਤਰ ਮੱਘਰ ਸਿੰਘ ਨੇ ਕਿਹਾ ਕਿ ਇਸ ਵਾਰ ਮੁੰਡੇ ਅਤੇ ਕੁੜੀਆਂ ਦੀ ਪਹਿਲੇ ਦਰਜੇ ਦੀ ਗਤਕਾ ਟੀਮਾਂ ਭਾਗ ਲੈ ਰਹੀਆਂ ਹਨ।