550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਧਾਰਮਿਕ ਸਮਾਗਮ, ਹੁੰਮਹੁੰਮਾ ਕੇ ਨਤਮਸਤਕ ਹੋਈਆਂ ਸੰਗਤਾਂ - ਗੁਰਮਤਿ ਸਮਾਗਮ
ਮੋਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਅਰੋੜਾ ਮਹਾਂਸਭਾ ਵੱਲੋਂ ਕਰਵਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਈਆਂ। ਸੰਗਤ ਨੇ ਸੁਖਮਨੀ ਸਾਹਿਬ ਅਤੇ ਜਪੁਜੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ। ਇਸ ਤੋਂ ਬਾਅਦ ਰਾਗੀ ਅਤੇ ਢਾਡੀ ਜੱਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ਵੀ ਕੀਰਤਨ ਮੁਕਾਬਲੇ ਵਿੱਚ ਹਿੱਸਾ ਲਿਆ। ਉੱਥੇ ਹੀ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪੁਜੇ। ਇਸ ਦੌਰਾਨ ਸੰਗਤਾਂ ਲਈ ਲੰਗਰ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ।