ਬਟਾਲਾ-ਗੁਰਦਾਸਪੁਰ ਹਾਈਵੇ 'ਤੇ ਸੜਕ ਹਾਦਸਾ, 5 ਲੋਕ ਜ਼ਖਮੀ - ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਗੁਰਦਾਸਪੁਰ:ਬਟਾਲਾ-ਗੁਰਦਾਸਪੁਰ ਹਾਈਵੇ 'ਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਇਸ ਹਾਦਸੇ 'ਚ 5 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਇਨ੍ਹਾਂ ਚੋਂ 2 ਲੋਕ ਗੰਭੀਰ ਜ਼ਖਮੀ ਹਨ। ਰਾਹਗੀਰਾਂ ਵੱਲੋਂ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਇੱਕ ਸਮਾਨ ਢੋਹਣ ਵਾਲੇ ਵੱਡੇ ਸਿਮਊਲੇਟਰ ਟਰੱਕ ਤੇ ਟਰਾਲੀ ਵਿਚਾਲੇ ਟੱਕਰ ਹੋ ਗਈ। ਟੱਕਰ ਤੋਂ ਬਾਅਦ ਇੱਟਾਂ ਨਾਲ ਭਰੀ ਟਰਾਲੀ ਸਾਹਮਣੇ ਆ ਰਹੀ ਇੱਕ ਗੱਡੀ 'ਤੇ ਪਲਟ ਗਈ। ਜਿਸ ਕਾਰਨ ਬੱਚਿਆਂ ਸਣੇ ਗੱਡੀ 'ਚ ਸਵਾਰ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਚੋਂ 2 ਲੋਕ ਗੰਭੀਰ ਜ਼ਖਮੀ ਹੋਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਉਨ੍ਹਾਂ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।