ਪੁਲਿਸ ਦਾ ਨਸ਼ਾ ਤਸਕਰਾਂ ਖਿਲਾਫ਼ ਵੱਡਾ ਐਕਸ਼ਨ - 3 ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ
ਅੰਮ੍ਰਿਤਸਰ: ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਨਸ਼ੇ ਖਿਲਾਫ਼ ਇੱਕ ਮੁਹਿੰਮ ਵਿੱਢੀ ਗਈ ਹੈ ਇਸੇ ਦੇ ਚੱਲਦੇ ਹੀ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਨਾਕੇਬੰਦੀ ਦੌਰਾਨ ਐਕਟਿਵਾ ਸਵਾਰ 2 ਲੋਕਾਂ ਨੂੰ 53 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ 3 ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਰਾਕੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੋ ਮੁੱਖ ਮੁਲਜ਼ਮ ਹੈ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਕਾਬੂ ਕੀਤੇ ਗਏ ਮੁਲਜ਼ਮ ਦੇ ਕੋਲੋਂ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।