ਛੋਟੀ ਉਮਰ ਵਿੱਚ ਵੱਡੇ ਮੁਕਾਮ ਹਾਸਲ ਕਰ ਰਹੀ ਹੈ ਸਹਿਜਪ੍ਰੀਤ ਕੌਰ - ਸਹਿਜਪ੍ਰੀਤ ਕੌਰ
ਬਠਿੰਡਾ ਦੀ ਸਹਿਜਪ੍ਰੀਤ 11 ਸਾਲ ਦੀ ਛੋਟੀ ਉਮਰ ਵਿੱਚ ਕਈ ਮੁਕਾਮ ਹਾਸਿਲ ਕਰ ਚੁੱਕੀ ਹੈ। ਸਹਿਜਪ੍ਰੀਤ ਕੌਰ ਦੀ ਡਾਕੂਮੈਂਟਰੀ 1 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਹਿਜਪ੍ਰੀਤ ਨੇ ਦੱਸਿਆ ਕਿ ਉਸ ਦੀ ਡਾਕੂਮੈਂਟਰੀ ਇੱਕ ਅਨਾਥ ਬੱਚੇ 'ਤੇ ਆਧਾਰਿਤ ਹੈ। ਸਹਿਜਪ੍ਰੀਤ ਕੌਰ ਨੇ ਦੱਸਿਆ ਕਿ ਉਹ 6ਵੀਂ ਕਲਾਸ ਵਿੱਚ ਪੜ੍ਹਦੀ ਹੈ ਅਤੇ ਬਚਪਨ ਤੋਂ ਹੀ ਉਸ ਦੇ ਵਿੱਚ ਕੁੱਝ ਅਲਗ ਕਰਨ ਦਾ ਜਜ਼ਬਾ ਸੀ। ਇਸ ਲਈ ਉਸ ਨੇ ਐਕਟਿੰਗ ਤੇ ਡਾਂਸ ਨੂੰ ਚੁਣਿਆ ਅਤੇ ਅੱਜ ਉਹ ਕਈ ਇਨਾਮ ਆਪਣੇ ਨਾਮ ਕਰ ਚੁੱਕੀ ਹੈ। ਸਹਿਜ ਕਰੀਬ ਦੋ ਦਰਜਨ ਤੋਂ ਜ਼ਿਆਦਾ ਇਨਾਮ ਅਤੇ ਕਈ ਮਹੱਤਵਪੂਰਨ ਟਾਈਟਲ ਜਿੱਤ ਚੁੱਕੀ ਹੈ। ਸਹਿਜ ਦੇ ਪਰਿਵਾਰ ਵਿੱਚ ਉਸ ਤੋਂ ਇਲਾਵਾ ਹੋਰ ਕਿਸੇ ਨੂੰ ਐਕਟਿੰਗ ਜਾਂ ਫਿਰ ਡਾਂਸ ਦਾ ਸ਼ੌਕ ਨਹੀਂ ਹੈ। ਉਹ ਆਪਣੀ ਮਾਤਾ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਈ ਕਿਉਂਕਿ ਉਸ ਦੀ ਮਾਂ ਇੱਕ ਬਿਹਤਰੀਨ ਗਾਇਕ ਅਤੇ ਇੱਕ ਬਿਹਤਰੀਨ ਡਾਂਸਰ ਵੀ ਹੈ। ਸਹਿਜਪ੍ਰੀਤ ਕੌਰ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਆਈਪੀਐਸ ਅਫ਼ਸਰ ਬਣਨਾ ਚਾਹੁੰਦੀ ਹੈ ਅਤੇ ਉਸ ਦਾ ਸਮਾਜ ਨੂੰ ਸੰਦੇਸ਼ ਹੈ ਕਿ ਧੀਆਂ ਨੂੰ ਕੁੱਖ ਵਿੱਚ ਨਾ ਮਾਰਿਆ ਜਾਵੇ ਅਤੇ ਉਨ੍ਹਾਂ ਨੂੰ ਪੜ੍ਹਾਇਆ ਤਾਂ ਕਿ ਉਹ ਸਮਾਜ ਵਿੱਚ ਆਪਣੀ ਪਹਿਚਾਣ ਬਣਾ ਸਕੇ।