ਲੋਕ ਸਭਾ 'ਚ ਸੋਨੀਆ ਗਾਂਧੀ ਨੇ ਕਿਹਾ ਭਾਰਤ ਦੀ ਰਾਜਨੀਤੀ 'ਚ ਫੇਸਬੁੱਕ,ਟਵਿਟਰ ਦੀ ਦੁਰਵਰਤੋਂ ਵਧੀ
ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ 'ਚ ਕਾਂਗਰਸ ਨੇ ਸੋਸ਼ਲ ਮੀਡੀਆ ਦੀ ਵਧ ਰਹੀ ਦੁਰਵਰਤੋਂ 'ਤੇ ਚਿੰਤਾ ਪ੍ਰਗਟਾਈ ਹੈ। ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਸੋਸ਼ਲ ਮੀਡੀਆ ਕਾਰਨ ਲੋਕਤੰਤਰ ਦੇ ਹੈਕ ਹੋਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਬਿਆਨਬਾਜ਼ੀ ਤੈਅ ਕਰਨ ਲਈ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਗਲੋਬਲ ਕੰਪਨੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਸੰਸਥਾਵਾਂ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਰਾਬਰ ਮੌਕੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਵਾਲ ਸਟਰੀਟ ਜਨਰਲ ਅਤੇ ਅਲ ਜਜ਼ੀਰਾ ਵਰਗੀਆਂ ਸੰਸਥਾਵਾਂ ਵੱਲੋਂ ਪ੍ਰਸਾਰਿਤ ਕੀਤੀ ਸਮੱਗਰੀ ਕਾਰਨ ਵਾਤਾਵਰਨ ਨੂੰ ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਅਤੇ ਕਾਰਪੋਰੇਟ ਦੀ ਆਪਸੀ ਸਾਂਝ ਲਗਾਤਾਰ ਵਧ ਰਹੀ ਹੈ।ਉਨ੍ਹਾਂ ਕਿਹਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਦਿੱਗਜਾਂ ਦੇ ਵਧ ਰਹੇ ਦਖ਼ਲ ਨੂੰ ਰੋਕਣ ਦੀ ਫੌਰੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੀਆ ਗਾਂਧੀ ਯੂਪੀ ਦੀ ਰਾਏਬਰੇਲੀ ਸੀਟ ਤੋਂ ਚੁਣੀ ਗਈ ਲੋਕ ਸਭਾ ਮੈਂਬਰ ਹੈ।
Last Updated : Feb 3, 2023, 8:19 PM IST