ਲੈਂਡਰ 'ਵਿਕਰਮ' ਨਾਲ ਮੁੜ ਸੰਪਰਕ ਹੋਣ ਦਾ ਲੱਖਾਂ 'ਚ ਇੱਕ ਮੌਕਾ: ਡਾ. ਬੀ.ਜੀ. ਸਿਧਾਰਥ - lander vikram lost
ਚੰਦਰਯਾਨ-2 ਦੇ ਲੈਂਡਰ ਵਿਕਰਮ ਦੇ ਚੰਨ 'ਤੇ ਉੱਤਰਨ ਤੋਂ ਪਹਿਲਾ ਹੀ ਇਸਰੋ ਨਾਲ ਸੰਪਰਕ ਟੁੱਟ ਗਿਆ। ਇਸ ਮੌਕੇ 'ਤੇ ਮਸ਼ਹੂਰ ਵਿਗਿਆਨੀ ਤੇ ਬਿਰਲਾ ਸਾਇੰਸ ਸੈਂਟਰ ਦੇ ਡਾਇਰੈਕਟਰ ਡਾ. ਬੀ.ਜੀ. ਸਿਧਾਰਥ ਨੇ ਕਿਹਾ ਕਿ ਸਾਨੂੰ ਇੰਨ੍ਹੀਂ ਛੇਤੀ ਉਮੀਦ ਛੱਡਣ ਦੀ ਜ਼ਰੂਰਤ ਨਹੀਂ ਹੈ, ਥੋੜਾ ਹੋਰ ਇੰਤਜ਼ਾਰ ਕਰਨ ਦੀ ਲੋੜ ਹੈ। ਹਾਲੇ ਵੀ ਲੈਂਡਰ ਨਾਲ ਮੁੜ ਸੰਪਰਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੜ ਸੰਪਰਕ ਹੋਣ ਦਾ ਲੱਖਾਂ 'ਚੋਂ ਇੱਕ ਮੌਕਾ ਸਾਡੇ ਕੋਲ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਪੂਰੀ ਤਰ੍ਹਾਂ ਨਾਲ ਅਸਫ਼ਲ ਨਹੀਂ ਹੋਇਆ ਹੈ, ਭਾਰਤ ਦਾ ਆਰਬਿਟਰ ਅਜੇ ਵੀ ਚੰਨ ਦੇ ਚੱਕਰ ਲਗਾ ਰਿਹਾ ਹੈ। ਡਾ. ਸਿਧਾਰਥ ਨੇ ਕਿਹਾ ਕਿ ਲੈਂਡਰ 'ਵਿਕਰਮ' ਦੇ ਚੰਨ 'ਤੇ ਪਹੁੰਚਣ ਤੋਂ ਪਹਿਲਾ ਸੰਪਰਕ ਟੁੱਟਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ, ਕਿ ਉਹ ਕਿਸੇ ਚੀਜ਼ ਨਾਲ ਟਕਰਾ ਗਿਆ ਹੋਵੇ ਜਿਸ ਕਾਰਨ ਉਸ ਦਾ ਸੰਪਰਕ ਇਸਰੋ ਕੇਂਦਰ ਨਾਲ ਟੁੱਟ ਗਿਆ। ਇਸ ਤੋਂ ਪਹਿਲਾ ਇਸਰੋ ਦੇ ਚੇਅਰਮੈਨ ਕੇ.ਕੇ. ਸਿਵਨ ਨੇ ਕਿਹਾ ਕਿ ਹਾਲੇ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੈਂਡਰ 'ਵਿਕਰਮ' ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲੀ ਥਾਂ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਸੀ, ਜਦ ਇਸ ਦਾ ਸੰਪਰਕ ਇਸਰੋ ਕੇਂਦਰ ਨਾਲ ਟੁੱਟ ਗਿਆ ਸੀ।
Last Updated : Feb 16, 2021, 7:51 PM IST